ਖੂਨਦਾਨੀ ਬਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ
ਨੂਰਪੁਰ ਖੁਰਦ ਦੀ ਪਹਿਲੀ ਮਹਿਲਾ ਖੂਨਦਾਨੀ ਬਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ
Publish Date: Tue, 10 Feb 2026 04:18 PM (IST)
Updated Date: Tue, 10 Feb 2026 04:20 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਖੇਤਰ ਦੇ ਪਿੰਡ ਨੂਰਪੁਰ ਖੁਰਦ ਵਿਚ ਖੂਨਦਾਨ ਲਹਿਰ ਨੂੰ ਮਜ਼ਬੂਤੀ ਦਿੰਦਿਆਂ ਪਿੰਡ ਦੀ ਪਹਿਲੀ ਮਹਿਲਾ ਖੂਨਦਾਨੀ ਬਣੀ ਬਲਵਿੰਦਰ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਗਮ ਪਿੰਡ ਦੀ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਐਨਆਰਆਈ ਸ਼ਿੰਗਾਰਾ ਸਿੰਘ ਅਤੇ ਹੋਰ ਪ੍ਰਬੰਧਕਾਂ ਵੱਲੋਂ ਸਾਂਝੇ ਰੂਪ ਵਿਚ ਕਰਵਾਇਆ ਗਿਆ, ਜਿਸ ਦੌਰਾਨ ਪਿੰਡ ਵਾਸੀਆਂ ਦੀ ਵੱਡੀ ਹਾਜ਼ਰੀ ਰਹੀ। ਇਸ ਦੌਰਾਨ ਸੰਬੋਧਨ ਕਰਦਿਆਂ ਐਨਆਰਆਈ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਸਮਾਜ ਦੀ ਤਰੱਕੀ ਵਿਚ ਔਰਤਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਰਤ ਘਰ ਅਤੇ ਪਰਿਵਾਰ ਦੀ ਸੰਭਾਲ ਵਿਚ ਕੇਂਦਰੀ ਸਥਾਨ ਰੱਖਦੀ ਹੈ, ਉੱਥੇ ਹੀ ਅੱਜ ਦੀ ਔਰਤ ਸਮਾਜਕ ਕੰਮਾਂ ਵਿਚ ਵੀ ਅੱਗੇ ਆ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਖੂਨਦਾਨ ਵਰਗੇ ਪੁੰਨ ਕਾਰਜ ਵਿਚ ਮਹਿਲਾਵਾਂ ਦੀ ਵੱਧ ਰਹੀ ਭਾਗੀਦਾਰੀ ਸਾਰੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਸ਼ਿੰਗਾਰਾ ਸਿੰਘ ਨੇ ਕਿਹਾ ਕਿ ਬਲਵਿੰਦਰ ਕੌਰ ਵੱਲੋਂ ਖੂਨਦਾਨ ਕਰਨਾ ਸਿਰਫ਼ ਇੱਕ ਵਿਅਕਤੀਗਤ ਉਪਲਬਧੀ ਨਹੀਂ, ਸਗੋਂ ਇਹ ਪਿੰਡ ਦੀਆਂ ਹੋਰ ਮਹਿਲਾਵਾਂ ਲਈ ਵੀ ਇੱਕ ਮਜ਼ਬੂਤ ਸੁਨੇਹਾ ਹੈ ਕਿ ਔਰਤਾਂ ਹਰ ਖੇਤਰ ਵਿਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਬਲਵਿੰਦਰ ਕੌਰ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਖੂਨਦਾਨ ਕਰਨ ਵਿਚ ਵੀ ਔਰਤਾਂ ਕਿਸੇ ਤੋਂ ਘੱਟ ਨਹੀਂ। ਇਸ ਮੌਕੇ ਬਲਵਿੰਦਰ ਕੌਰ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਸਦੀ ਹੌਸਲਾ ਅਫਜ਼ਾਈ ਕੀਤੀ ਗਈ। ਸਮਾਗਮ ਦੌਰਾਨ ਹੋਰ ਵਕਤਾਵਾਂ ਨੇ ਵੀ ਖੂਨਦਾਨ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ ਅਤੇ ਵੱਧ ਤੋਂ ਵੱਧ ਲੋਕਾਂ, ਖ਼ਾਸ ਕਰਕੇ ਮਹਿਲਾਵਾਂ ਨੂੰ, ਇਸ ਮਹਾਨ ਕਾਰਜ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਮਨੋਹਰ ਲਾਲ, ਠੇਕੇਦਾਰ ਧੰਨਰਾਜ, ਸਤਨਾਮ ਸਿੰਘ, ਲੇਖ ਰਾਜ ਕੁਵੈਤ, ਠੇਕੇਦਾਰ ਹਰਮੇਸ਼ ਚੰਦ, ਚਰਨਜੀਤ ਸਿੰਘ, ਅਵਤਾਰ ਚੰਦ, ਲਾਲ ਚੰਦ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਡਾ ਧਰਮਿੰਦਰ ਗੌਨੀ, ਹਰਜਿੰਦਰ ਚੰਦ, ਸੁਰਿੰਦਰ ਕੁਮਾਰ , ਰਾਜ ਕੁਮਾਰ ਆਦੀ ਹਾਜਰ ਸਨ।