ਬੱਚਿਆਂ ਅਤੇ ਗਰਭਵਤੀਾਂ ਦੇ ਟੀਕਾਕਰਨ ਲਈ ਚਲਾਈ ਮੁਹਿੰਮ ਦਾ ਐੱਸਐੱਮਓ ਨੇ ਕੀਤਾ ਨਿਰੀਖਣ
ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਚਲਾਈ ਮੁਹਿੰਮ ਦਾ ਐੱਸ.ਐੱਮ.ਓ. ਨੇ ਕੀਤਾ ਨਿਰੀਖਣ
Publish Date: Sun, 15 Feb 2026 04:08 PM (IST)
Updated Date: Sun, 15 Feb 2026 04:12 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ, ਬਲਾਕ ਨੂਰਪੁਰਬੇਦੀ ਦੇ ਪਿੰਡਾਂ ’ਚ ਵਿਸ਼ੇਸ਼ ਸਪਤਾਹਿਕ ਮੁਹਿੰਮ ਦੌਰਾਨ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਜਿਸ ਤਹਿਤ ਸਰਕਾਰੀ ਹਸਪਤਾਲ ਸਿੰਘਪੁਰ ਦੀ ਐੱਸ.ਐੱਮ.ਓ. ਡਾ. ਹਰਪ੍ਰੀਤ ਕੌਰ ਨੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਹਫਤੇ ਦੌਰਾਨ ਮਾਈਗ੍ਰੇਟਰੀ ਆਬਾਦੀ ’ਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕਾਕਰਨ ਸਹੂਲਤਾਂ ਦਿੱਤੀਆਂ ਗਈਆਂ। ਜਦਕਿ 5 ਸਾਲ ਤੋਂ ਘੱਟ ਉਮਰ ਦੇ ਉਹ ਬੱਚੇ ਅਤੇ ਗਰਭਵਤੀ ਔਰਤਾਂ, ਜਿਨ੍ਹਾਂ ਦਾ ਟੀਕਾਕਰਨ ਕਿਸੇ ਕਾਰਨ ਕਰਕੇ ਅਧੂਰਾ ਰਹਿ ਗਿਆ ਸੀ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ। ਐੱਲ.ਐੱਚ.ਵੀ. ਬਲਵੀਰ ਕੌਰ ਨੇ ਦੱਸਿਆ ਕਿ ਉੱਚ ਜੋਖਮ ਵਾਲੇ ਖੇਤਰਾਂ, ਪ੍ਰਵਾਸੀ ਆਬਾਦੀ, ਝੁੱਗੀ-ਝੋਪੜੀਆਂ ਅਤੇ ਇੱਟਾਂ ਦੇ ਭੱਠਿਆਂ ’ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਕੇ ਸਿਹਤ ਵਿਭਾਗ ਦੀਆਂ ਟੀਮਾਂ ਆਪਣੇ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨਗੀਆਂ। ਐੱਲ.ਐੱਚ.ਵੀ. ਸੁਨੀਲ ਦੇਵੀ ਨੇ ਕਿਹਾ ਕਿ ਘਰਾਂ ’ਚ ਪੈਦਾ ਹੋਏ ਉਹ ਬੱਚੇ, ਜਿਨ੍ਹਾਂ ਦੀਆਂ ਜਨਮ ਖੁਰਾਕਾਂ ਰਹਿ ਜਾਂਦੀਆਂ ਹਨ, ਨੂੰ ਵੀ ਇਸ ਮੁਹਿੰਮ ’ਚ ਸ਼ਾਮਿਲ ਕੀਤਾ ਗਿਆ ਹੈ। ਇਸ ਦੌਰਾਨ ਐੱਸ.ਐੱਮ.ਓ. ਡਾ. ਹਰਪ੍ਰੀਤ ਕੌਰ ਵੱਲੋਂ ਸਪੈਸ਼ਲ ਟੀਕਾਕਰਨ ਕੰਪੇਨ ਅਧੀਨ ਆਂਗਨਵਾੜੀ ਸੈਂਟਰ ਗੱਦੀਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਸਟਾਫ ਦੀ ਹਾਜ਼ਰੀ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਦੀ ਜਾਂਚ ਕੀਤੀ ਅਤੇ ਸਟਾਫ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।