ਗੈਸ ਦੀ ਕਮੀ ਨਾਲ ਨੂਰਪੁਰਬੇਦੀ ’ਚ ਹਾਲਾਤ ਬੇਕਾਬੂ
ਗੈਸ ਦੀ ਕਮੀ ਨਾਲ ਨੂਰਪੁਰਬੇਦੀ ’ਚ ਹਾਲਾਤ ਬੇਕਾਬੂ
Publish Date: Mon, 23 Mar 2026 05:50 PM (IST)
Updated Date: Mon, 23 Mar 2026 05:52 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਬਲਾਕ ਦੇ 100 ਤੋਂ ਵੱਧ ਪਿੰਡਾਂ ਵਿਚ ਗੈਸ ਦੀ ਭਾਰੀ ਕਮੀ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਪਿਛਲੇ 3-4 ਦਿਨਾਂ ਤੋਂ ਗੈਸ ਸਪਲਾਈ ਨਾ ਆਉਣ ਕਰਕੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ ਅਤੇ ਲੋਕ ਰੋਜ਼ਾਨਾ ਦੀ ਜ਼ਰੂਰਤ ਲਈ ਵੀ ਤਰਸ ਰਹੇ ਹਨ। ਲੋਕ ਸਵੇਰੇ ਤੜਕੇ ਹੀ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਵਿਚ ਖੜੇ ਹੋ ਜਾਂਦੇ ਹਨ, ਪਰ ਕਈ ਘੰਟਿਆਂ ਦੀ ਉਡੀਕ ਦੇ ਬਾਵਜੂਦ ਜਦੋਂ ਗੈਸ ਨਾ ਆਉਣ ਦੀ ਖ਼ਬਰ ਮਿਲਦੀ ਹੈ ਤਾਂ ਉਹ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਹਨ। ਅੱਜ ਵੀ ਅਜਿਹੀ ਹੀ ਸਥਿਤੀ ਬਣੀ ਰਹੀ, ਜਿਸ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਚੱਕਾ ਜਾਮ ਅਤੇ ਧਰਨਾ ਲਗਾਉਣ ਦਾ ਫ਼ੈਸਲਾ ਕਰ ਲਿਆ। ਹਾਲਾਂਕਿ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲੋਕਾਂ ਨੂੰ ਸਮਝਾ ਬੁਝਾ ਕੇ ਧਰਨਾ ਲਗਾਉਣ ਤੋਂ ਰੋਕ ਲਿਆ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਸਮੱਸਿਆ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾਵੇਗੀ। ਜਾਣਕਾਰੀ ਮੁਤਾਬਕ, ਇਲਾਕੇ ਦੇ ਜ਼ਿਆਦਾਤਰ ਪਿੰਡ ਸਿਰਫ ਦੋ ਗੈਸ ਏਜੰਸੀਆਂ ਸ਼ਹੀਦ ਗੋਪਾਲ ਗੈਸ ਏਜੰਸੀ ਅਤੇ ਜੈ ਹਿੰਦ ਗੈਸ ਏਜੰਸੀ‘ਤੇ ਨਿਰਭਰ ਹਨ। ਪਰ ਪਿਛਲੇ ਤਿੰਨ ਦਿਨਾਂ ਤੋਂ ਦੋਵਾਂ ਏਜੰਸੀਆਂ ‘ਚ ਗੈਸ ਦੀ ਸਪਲਾਈ ਨਹੀਂ ਪਹੁੰਚੀ, ਜਿਸ ਨਾਲ ਸਥਿਤੀ ਹੋਰ ਗੰਭੀਰ ਬਣ ਗਈ ਹੈ। ਸਰਕਾਰ ਵੱਲੋਂ ਮਿੱਟੀ ਦਾ ਤੇਲ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ, ਜਿਸ ਕਰਕੇ ਲੋਕ ਪੂਰੀ ਤਰ੍ਹਾਂ ਗੈਸ ‘ਤੇ ਨਿਰਭਰ ਹਨ। ਹੁਣ ਗੈਸ ਨਾ ਮਿਲਣ ਕਾਰਨ ਘਰਾਂ ਵਿਚ ਰੋਟੀ ਬਣਾਉਣ ਤੱਕ ਮੁਸ਼ਕਿਲ ਹੋ ਗਈ ਹੈ। ਨੌਕਰੀਪੇਸ਼ਾ ਅਤੇ ਛੋਟੇ ਵਪਾਰੀ ਵੀ ਇਸ ਸਮੱਸਿਆ ਨਾਲ ਕਾਫ਼ੀ ਪ੍ਰਭਾਵਿਤ ਹਨ। ਕਈ ਲੋਕ ਤਿੰਨ ਦਿਨਾਂ ਤੋਂ ਆਪਣਾ ਕੰਮ ਛੱਡ ਕੇ ਗੈਸ ਲਈ ਕਤਾਰਾਂ ਵਿੱਚ ਖੜੇ ਹੋ ਰਹੇ ਹਨ, ਪਰ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਕਈ ਵਾਰ ਸਿਲੰਡਰ ਬੁੱਕ ਕਰਨ ਦੇ ਬਾਵਜੂਦ ਡਿਲਿਵਰੀ ਦਾ ਸੁਨੇਹਾ ਆ ਜਾਂਦਾ ਹੈ, ਪਰ ਸਿਲੰਡਰ ਹੱਥ ਨਹੀਂ ਲੱਗਦਾ। ਇਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ। ਉਧਰ ਗੈਸ ਏਜੰਸੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਸਪਲਾਈ ਨਾ ਆਉਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਗੈਸ ਦੀ ਗੱਡੀ ਆਉਂਦੀ ਹੈ, ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਿਲੰਡਰ ਦਿੱਤਾ ਜਾਵੇ। ਬਾਕਸ ਇੰਨ ਔਰਤਾਂ ਨੇ ਵੀ ਸੰਭਾਲਿਆ ਮੋਰਚਾ ਮੌਕੇ ਦੀ ਨਜਾਕਤ ਨੂੰ ਦੇਖਦਿਆਂ ਹੋਇਆਂ ਘਰ ਦੇ ਮਰਦਾਂ ਤੋਂ ਇਲਾਵਾ ਹੁਣ ਔਰਤਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ ਅਤੇ ਉਹ ਵੀ ਗੈਸ ਏਜੰਸੀ ਦੇ ਅੱਗੇ ਲਾਈਨਾਂ ਵਿੱਚ ਖੜਕੇ ਰਸੋਈ ਗੈਸ ਸਿਲੰਡਰ ਭਰਵਾਉਣ ਲਈ ਪਹੁੰਚ ਰਹੀਆਂ ਹਨ। ਕਿਉਂਕਿ ਔਰਤਾਂ ਦੀ ਲਾਈਨ ਛੋਟੀ ਹੋਣ ਕਾਰਨ ਉੱਥੇ ਜਲਦ ਹੀ ਸਿਲੰਡਰ ਮਿਲ ਜਾਂਦਾ ਹੈ ਇਸ ਲਈ ਕਈ ਮਰਦ ਆਪਣੀਆਂ ਪਤਨੀਆਂ ਨੂੰ ਨਾਲ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਲਾਈਨ ਚ ਖੜਾ ਕੇ ਆਪ ਦੂਰ ਖੜੇ ਹੋ ਕੇ ਸਿਲੰਡਰ ਮਿਲਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ’ਤੇ ਉਹ ਆਪਣੀ ਲਾਈ ਸਕੀਮ ਦਾ ਫਾਇਦਾ ਚੁੱਕਦਿਆਂ ਜਲਦ ਸਿਲੰਡਰ ਲੈ ਕੇ ਘਰ ਵਾਪਸ ਚਲੇ ਜਾਂਦੇ ਹਨ ਜਦਕਿ ਬਾਕੀ ਲੋਕ ਖੜੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।