ਗੁਰੂ ਰਵਿਦਾਸ ਦੀ ਕੌਮ ਗੀਤ ਨਾਲ ਗਾਇਕ ਕਸ਼ਮੀਰ ਚਰਚਾ ’ਚ
ਧਾਰਮਿਕ ਗੀਤ “ਗੁਰੂ ਰਵਿਦਾਸ ਦੀ ਕੌਮ” ਨਾਲ ਗਾਇਕ ਕਸ਼ਮੀਰ ਜਟਵਾਹੜ੍ਹ ਚਰਚਾ ਵਿਚ
Publish Date: Tue, 27 Jan 2026 03:38 PM (IST)
Updated Date: Tue, 27 Jan 2026 03:40 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਰਵਿਦਾਸੀ ਸਮਾਜ ਦੀ ਸੋਚ, ਏਕਤਾ ਅਤੇ ਗੁਰੂ ਰਵਿਦਾਸ ਜੀ ਦੇ ਮਹਾਨ ਉਪਦੇਸ਼ਾਂ ਨੂੰ ਸਮਰਪਿਤ ਧਾਰਮਿਕ ਪੰਜਾਬੀ ਗੀਤ “ਗੁਰੂ ਰਵਿਦਾਸ ਦੀ ਕੌਮ” ਇਨ੍ਹਾਂ ਦਿਨਾਂ ਖੂਬ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਗੀਤ ਰਾਹੀਂ ਉਭਰਦੇ ਗਾਇਕ ਕਸ਼ਮੀਰ ਜਟਵਾਹੜ੍ਹ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਇਸ ਗੀਤ ਦੇ ਭਾਵਪੂਰਣ ਬੋਲ ਲੇਖਕ ਰਮੇਸ਼ ਜਟਵਾਹੜ੍ਹ ਵੱਲੋਂ ਲਿਖੇ ਗਏ ਹਨ, ਜਦਕਿ ਸੰਗੀਤ ਪਵਨ ਭਾਟੀਆ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਪਵਨ ਭਾਟੀਆ ਪ੍ਰਜ਼ੈਂਟਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਪੋਸਟਰ ਹਾਲ ਹੀ ਵਿਚ ਗਾਇਕ ਕਸ਼ਮੀਰ ਜਟਵਾਹੜ੍ਹ ਦੇ ਪਿੰਡ ਦੇ ਸੰਤ ਧਰਮਪਾਲ ਅਤੇ ਸਾਬਕਾ ਸਰਪੰਚ ਸਤਪਾਲ ਸਹਿਤ ਹੋਰ ਪਤਵੰਤਿਆਂ ਵੱਲੋਂ ਰਿਲੀਜ਼ ਕੀਤਾ ਗਿਆ, ਜਿਸ ਦੌਰਾਨ ਪਿੰਡ ਵਿਚ ਧਾਰਮਿਕ ਅਤੇ ਉਤਸ਼ਾਹਪੂਰਣ ਮਾਹੌਲ ਦੇਖਣ ਨੂੰ ਮਿਲਿਆ। ਪੋਸਟਰ ਰਿਲੀਜ਼ ਸਮਾਰੋਹ ਦੌਰਾਨ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਗੀਤ ਦੀ ਸ਼ਲਾਘਾ ਕਰਦੇ ਹੋਏ ਕਲਾਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਗੀਤ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਹਨ। ਗੀਤ ਦੇ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਖਾਸ ਤੌਰ ’ਤੇ ਰਵਿਦਾਸੀ ਸਮਾਜ ਵਿਚ ਇਸ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਗਾਇਕ ਕਸ਼ਮੀਰ ਜਟਵਾਹੜ੍ਹ ਦਾ ਕਹਿਣਾ ਹੈ ਕਿ ਇਹ ਗੀਤ ਸਿਰਫ਼ ਮਨੋਰੰਜਨ ਲਈ ਨਹੀਂ, ਸਗੋਂ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੀ ਇੱਕ ਨਿਮਰ ਕੋਸ਼ਿਸ਼ ਹੈ। ਲਾਡੀ ਜਟਵਾਹੜ੍ਹ, ਕਸ਼ਮੀਰ ਸਿੰਘ, ਅਮਰਜੀਤ ਸਿੰਘ , ਰਮੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।