100 ਸੀਸੀਟੀਵੀ ਕੈਮਰੇ ਮੇਲੇ ’ਚ ਸਮਾਜ ਵਿਰੋਧੀ ਅਨਸਰਾਂ ’ਤੇ ਰੱਖਣਗੇ ਨਜ਼ਰ
ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੇਲੇ ਦੌਰਾਨ ਆਉਣ ਵਾਲੀ ਸੰਗਤ ਲਈ ਕੀਤੇ ਪੁਖਤਾ ਪ੍ਰਬੰਧ: ਮੈਨੇਜਰ ਮਲਕੀਤ ਸਿੰਘ
Publish Date: Sat, 21 Feb 2026 05:06 PM (IST)
Updated Date: Sun, 22 Feb 2026 04:04 AM (IST)

ਗੁ. ਪਤਾਲਪੁਰੀ ਸਾਹਿਬ ਵਿਖੇ ਸੰਗਤ ਲਈ ਵਾਟਰ ਪਰੂਫ਼ ਟੈਂਟ ਸਿਟੀ, ਸ਼੍ਰੋਮਣੀ ਕਮੇਟੀ ਵੱਲੋਂ ਹੋਲਾ ਮਹੱਲਾ ਮੇਲੇ ਦੌਰਾਨ ਆਉਣ ਵਾਲੀ ਸੰਗਤ ਲਈ ਕੀਤੇ ਪੁਖਤਾ ਪ੍ਰਬੰਧ : ਮੈਨੇਜਰ ਮਲਕੀਤ ਸਿੰਘ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਖ਼ਾਲਸਾਈ ਜਾਹੋ ਜਲਾਲ ’ਤੇ ਸ਼ਾਨ ਦੇ ਪ੍ਰਤੀਕ ਸਲਾਨਾ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਮੇਲਾ ਜਿਸ ਦਾ ਪਹਿਲਾ ਤਿੰਨ ਦਿਨ ਦਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ 27 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ, ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤਰਿੰਗ ਕਮੇਟੀ ਮੈਂਬਰ ਡਾ.ਦਲਜੀਤ ਸਿੰਘ ਭਿੰਡਰ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਮਲਕੀਤ ਸਿੰਘ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਐਸਜੀਪੀਸੀ ਦੇ ਮੁਲਾਜ਼ਮਾ ਨਾਲ ਮੀਟਿੰਗ ਕੀਤੀ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਹੈਪੀ,ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਜਿੰਦਬੜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਮੀਤ ਮੈਨੇਜਰ ਭਾਈ ਸੁਖਬੀਰ ਸਿੰਘ, ਤਖਤ ਸ਼੍ਰੀ ਕੇਸਗੜ ਸਾਹਿਬ ਦੇ ਖਜ਼ਾਨਚੀ ਦਵਿੰਦਰ ਸਿੰਘ, ਪ੍ਰਦੀਪ ਸਿੰਘ ਰਿਕਾਰਡ ਕੀਪਰ ਆਦਿ ਹਾਜ਼ਰ ਸਨ। ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿੱਖੇ 27 ਫਰਵਰੀ ਤੋਂ ਸ਼ੁਰੂ ਹੋ ਕੇ 01 ਮਾਰਚ ਤੱਕ ਚੱਲੇਗਾ, 27 ਫਰਵਰੀ ਨੂੰ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੀ ਸੰਪੂਰਨਤਾ ਦੇ ਭੋਗ 01 ਮਾਰਚ ਨੂੰ ਪਾਏ ਜਾਣਗੇ ਅਤੇ ਇਸ ਤੋਂ ਬਾਅਦ ਮੇਲੇ ਦਾ ਦੂਸਰਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ 02 ਮਾਰਚ ਨੂੰ ਸ਼ੁਰੂ ਹੋ ਜਾਵੇਗਾ ਜੋ ਕਿ 04 ਮਾਰਚ ਤੱਕ ਚੱਲੇਗਾ। ਉਨ੍ਹਾਂ ਦੱਸਿਆ ਮੇਲੇ ਦੌਰਾਨ ਬਾਹਰੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਧਾਰਮਿਕ ਜਥੇਬੰਦੀਆਂ ਅਤੇ ਬਾਹਰਲੀ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਗੁ.ਪ੍ਰ.ਕਮੇਟੀ ਵੱਲੋਂ ਗੁ. ਪਤਾਲਪੁਰੀ ਸਾਹਿਬ, ਗੁ. ਬਾਬਾ ਗੁਰਦਿੱਤਾ ਜੀ, ਗੁ.ਚਰਨ ਕੰਵਲ ਸਾਹਿਬ ਅਤੇ ਗੁ. ਬਿਬਾਣ ਗੜ੍ਹ ਸਾਹਿਬ ਆਦਿ ਵਿਖੇ 12 ਦੇ ਕਰੀਬ ਲੰਗਰ ਲਗਾਏ ਜਾਣਗੇ, ਜਿਸ ਵਿਚ ਚਾਰ ਲੰਗਰ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਲੱਗਣਗੇ। ਜਿਸ ਵਿਚ ਮੁੱਖ ਲੰਗਰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਵੱਲੋਂ ਲਗਾਇਆ ਜਾਵੇਗਾ, ਇਸ ਤੋਂ ਇਲਾਵਾ 6 ਲੰਗਰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਲੱਗਣਗੇ। ਬਾਕੀ ਲੰਗਰ ਹੋਰ ਧਾਰਮਿਕ ਅਸਥਾਨਾਂ ਉੱਪਰ ਲੱਗਣਗੇ। ਉਹਨਾਂ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਬਾਹਰਲੀ ਸੰਗਤ ਦੇ ਸਹਿਯੋਗ ਦੇ ਨਾਲ ਗਠੜੀ ਘਰਾਂ,ਜੋੜਾ ਘਰਾਂ, ਦੋ ਪਹੀਆ ,ਚਾਰ ਪਹੀਆ ਵਾਹਨ ਖੜੇ ਕਰਨ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਕਰੀਬ 10 ਹਜਾਰ ਸੰਗਤ ਦੇ ਠਹਿਰਨ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ਸਰਾਂ ਦੇ ਨਜ਼ਦੀਕ ਵਾਟਰ ਪਰੂਫ਼ ਟੈਂਟ ਸਿਟੀ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਮੇਲੇ ਦੌਰਾਨ ਸਮਾਜ ਵਿਰੋਧੀ ਅਨਸਰਾਂ ਤੇ ਨਜ਼ਰ ਰੱਖਣ ਲਈ ਗੁ. ਪਤਾਲਪੁਰੀ ਸਾਹਿਬ,ਗੁ. ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ ਆਦਿ ਵਿਖੇ 100 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਸ਼ਰੋਮਣੀ ਕਮੇਟੀ ਵੱਲੋਂ ਗੁ. ਬਾਬਾ ਗੁਰਦਿੱਤਾ ਜੀ ਅਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਖੇ 27 ਫਰਵਰੀ ਤੋਂ ਧਾਰਮਿਕ ਦਿਵਾਨ ਸਜਾਏ ਜਾਣਗੇ ਜਿਥੇ ਢਾਡੀ, ਕਥਾ ਵਾਚਕ, ਕਵੀਸ਼ਰੀ ਸੰਗਤਾਂ ਨੂੰ ਵਾਰਾਂ, ਕਥਾ ਨਾਲ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਸਰਧਾਲੂਆਂ ਦੀ ਸਹੂਲਤ ਲਈ ਗੁ.ਪਤਾਲਪੁਰੀ ਸਾਹਿਬ , ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸਿਹਤ ਸਹੂਲਤਾਂ ਦੇਣ ਲਈ ਡਿਸਪੈਂਸਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵੱਖ ਵੱਖ ਗੁਰੂ ਘਰਾਂ ਨੂੰ ਦੀਪ ਮਾਲਾ ਕਰਨ ਲਈ ਟੈਂਡਰ ਵੀ ਦਿੱਤਾ ਗਿਆ ਹੈ। ਮੇਲੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ 100 ਦੇ ਕਰੀਬ ਵਾਧੂ ਸਟਾਫ ਲਗਾਇਆ ਜਾਵੇਗਾ।