ਹੋਲੇ ਮਹੱਲੇ ਦੌਰਾਨ ਸੱਤਵਾਂ ਅੰਤਰਰਾਸ਼ਟਰੀ ਪੋਲੋ ਟੂਰਨਾਮੈਂਟ ਸੰਪੰਨ
ਹੋਲੇ ਮਹੱਲੇ ਦੌਰਾਨ ਸੱਤਵਾਂ ਅੰਤਰਰਾਸ਼ਟਰੀ ਪੋਲੋ ਟੂਰਨਾਮੈਂਟ ਸੰਪੰਨ
Publish Date: Thu, 05 Mar 2026 04:18 PM (IST)
Updated Date: Thu, 05 Mar 2026 04:20 PM (IST)

ਭਾਰਤ ਪੰਜਾਬ ਟੀਮ ਦੀ ਸ਼ਾਨਦਾਰ ਜਿੱਤ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ 2026 ਦੇ ਪਾਵਨ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿਚ ਸੱਤਵਾਂ ਅੰਤਰਰਾਸ਼ਟਰੀ ਪੋਲੋ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਰੋਮਾਂਚਕ ਮੁਕਾਬਲੇ ਵਿਚ ਭਾਰਤ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਵਾਈ ਦੀ ਸਕੀਮ ਟੀਮ ਨੂੰ 9–5 ਦੇ ਅੰਕਾਂ ਨਾਲ ਹਰਾ ਦਿੱਤਾ। ਮੈਚ ਦੌਰਾਨ ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਉੱਚ ਪੱਧਰੀ ਘੁੜਸਵਾਰੀ ਅਤੇ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਜਿਕਰਯੋਗ ਹੈ ਕਿ ਇਹ ਟੂਰਨਾਮੈਂਟ ਹੋਲੇ ਮਹੱਲੇ ਦੌਰਾਨ ਕਰਵਾਇਆ ਜਾਣ ਵਾਲਾ ਸੱਤਵਾਂ ਅੰਤਰਰਾਸ਼ਟਰੀ ਪੋਲੋ ਮੁਕਾਬਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਰਾਜਨੀਤਿਕ ਆਗੂ ਅੰਤਰਰਾਸ਼ਟਰੀ ਪੋਲੋ ਖਿਡਾਰੀ ਅਤੇ ਸਮਾਜ ਸੇਵਕ ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ 2010 ਤੋਂ ਭਾਰਤ ਅਤੇ ਹਵਾਈ ਦੀਆਂ ਟੀਮਾਂ ਵਿਚਕਾਰ ਪੋਲੋ ਮੁਕਾਬਲੇ ਲਗਾਤਾਰ ਕਰਵਾਏ ਜਾ ਰਹੇ ਹਨ ਅਤੇ ਉਸੇ ਕੜੀ ਤਹਿਤ 2026 ਤੱਕ ਇਹ ਖੇਡ ਸੰਬੰਧ ਮਜ਼ਬੂਤੀ ਨਾਲ ਜਾਰੀ ਹਨ। ਹਰ ਸਾਲ ਦੋਹਾਂ ਦੇਸ਼ਾਂ ਦੀਆਂ ਟੀਮਾਂ ਇਕ-ਦੂਜੇ ਦੇ ਮੈਦਾਨਾਂ ਵਿਚ ਜਾ ਕੇ ਖੇਡ ਰਾਹੀਂ ਦੋਸਤੀ ਅਤੇ ਸਾਂਝ ਨੂੰ ਮਜ਼ਬੂਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਇਸ ਵਿਸ਼ੇਸ਼ ਮੌਕੇ ਦੁਬਈ ਤੋਂ ਬਾਲਾ ਮੱਲਿਆ ਸਾਹਿਬ ਆਪਣੇ ਪਰਿਵਾਰ ਸਮੇਤ ਖ਼ਾਸ ਤੌਰ ’ਤੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਮੁੱਖ ਮਹਿਮਾਨ ਰਾਣੀ ਪ੍ਰੀਤੀ ਸਿੰਘ ਨਾਭਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਮਲਵਿੰਦਰ ਸਿੰਘ ਬੈਨੀਪਾਲ, ਜੋ ਨੀਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਡ ਪ ਦੇ ਪੰਜਾਬ ਪ੍ਰਧਾਨ ਹਨ, ਵੀ ਹਾਜ਼ਰ ਰਹੇ। ਸਮਾਗਮ ਵਿਚ ਨਿਰਮਲ ਸਿੰਘ ਸੁਮਨ, ਦਲਬੀਰ ਸਿੰਘ ਧੂੜੀਆ, ਪਟਵਾਰੀ ਜਗਤਾਰ ਸਿੰਘ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਖੇਡ ਪ੍ਰੇਮੀਆਂ ਨੇ ਮੈਚ ਦਾ ਆਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਅੰਤਰਰਾਸ਼ਟਰੀ ਪੋਲੋ ਮੁਕਾਬਲੇ ਨੂੰ ਸਫਲ ਬਣਾਉਣ ਵਿਚ ਸੋਢੀ ਵਿਕਰਮ ਸਿੰਘ ਅਤੇ ਅਨੰਦਪੁਰ ਸਾਹਿਬ ਹੇਰਿਟੇਜ ਫਾਊਂਡੇਸ਼ਨ ਦਾ ਮਹੱਤਵਪੂਰਨ ਯੋਗਦਾਨ ਰਿਹਾ। ਆਯੋਜਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਲਗਾਤਾਰ ਉਪਰਾਲਿਆਂ ਅਤੇ ਖੇਡਾਂ ਪ੍ਰਤੀ ਸਮਰਪਣ ਕਾਰਨ ਹੀ ਇਸ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਸੰਭਵ ਹੋ ਸਕੇ ਹਨ। ਉਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਸਹਿਯੋਗ ਕਾਬਿਲ-ਏ-ਤਾਰੀਫ਼ ਹੈ। ਹੋਲੇ ਮਹੱਲੇ ਦੀ ਧਾਰਮਿਕ ਅਤੇ ਵਿਰਾਸਤੀ ਰੂਹ ਨਾਲ ਰੰਗਿਆ ਇਹ ਖੇਡ ਸਮਾਗਮ ਖਾਲਸਾਈ ਪਰੰਪਰਾ ਅਤੇ ਆਧੁਨਿਕ ਖੇਡ ਸੰਸਕ੍ਰਿਤੀ ਦੇ ਸੁੰਦਰ ਮਿਲਾਪ ਵਜੋਂ ਸਾਹਮਣੇ ਆਇਆ। ਟੂਰਨਾਮੈਂਟ ਨੇ ਸਾਬਤ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਕੇਂਦਰ ਹੋਣ ਦੇ ਨਾਲ-ਨਾਲ ਅੰਤਰਰਾਸ਼ਟਰੀ ਖੇਡ ਗਤੀਵਿਧੀਆਂ ਦਾ ਵੀ ਅਹਿਮ ਕੇਂਦਰ ਬਣਦਾ ਜਾ ਰਿਹਾ ਹੈ।