ਪੁਲਿਸ ਵੱਲੋਂ ਪੰਜ ਪੋਕਲੇਨ ਮਸ਼ੀਨਾਂ ਕਾਬੂ
ਨਜਾਇਜ ਮਾਈਨਿੰਗ ਖਿਲਾਫ਼ ਰੂਪਨਗਰ ਪੁਲਿਸ ਦੀ ਵੱਡੀ ਕਾਰਵਾਈ, ਪੰਜ ਪੋਕਲੇਨ ਮਸ਼ੀਨਾਂ ਕਾਬੂ
Publish Date: Fri, 30 Jan 2026 03:53 PM (IST)
Updated Date: Fri, 30 Jan 2026 03:55 PM (IST)

ਪੰਜਾਬੀ ਜਾਗਰਣ ਟੀਮ, ਸ਼੍ਰੀ ਅਨੰਦਪੁਰ ਸਾਹਿਬ : ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਅਤੇ ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ ਆਈਪੀਐਸ ਵੱਲੋਂ ਨਜਾਇਜ ਮਾਈਨਿੰਗ ਦੀ ਰੋਕਥਾਮ ਲਈ ਜਾਰੀ ਸਖ਼ਤ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ’ਤੇ ਵੱਡੀ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਐਸਐਸਪੀ ਰੂਪਨਗਰ ਮਨਿੰਦਰ ਸਿੰਘ ਆਈਪੀਐਸ ਦੀ ਅਗਵਾਈ ਹੇਠ ਮਾਈਨਿੰਗ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਕੀਤੀਆਂ ਰੇਡਾਂ ਦੌਰਾਨ ਨਜਾਇਜ ਮਾਈਨਿੰਗ ਕਰਦੀਆਂ ਪੰਜ ਪੋਕਲੇਨ ਮਸ਼ੀਨਾਂ ਕਾਬੂ ਕੀਤੀਆਂ ਗਈਆਂ। ਪਹਿਲੀ ਕਾਰਵਾਈ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਮਾਈਨਿੰਗ ਵਿਭਾਗ ਦੀ ਟੀਮ ਨਾਲ ਮਿਲ ਕੇ ਕਰੈਸ਼ਰ ਜੋਨ ਅਗੰਮਪੁਰ ਦੇ ਨਾਲ ਲੱਗਦੇ ਸਤਲੁਜ ਦਰਿਆ ਵਿਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਿੰਡ ਅਗੰਮਪੁਰ ਦੀ ਹੱਦ ਅੰਦਰ ਨਜਾਇਜ ਮਾਈਨਿੰਗ ਕਰਦੀਆਂ ਚਾਰ ਪੋਕਲੇਨ ਮਸ਼ੀਨਾਂ ਨੂੰ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਨੇ ਕਾਬੂ ਕਰਕੇ ਪੁਲਿਸ ਕਬਜ਼ੇ ਵਿਚ ਲਿਆ। ਇਸ ਸਬੰਧੀ ਮਾਈਨਿੰਗ ਵਿਭਾਗ ਦੀ ਦਰਖ਼ਾਸਤ ’ਤੇ ਐਮਐਮਡੀਆਰ ਐਕਟ 1957 ਦੀ ਧਾਰਾ 21(1) ਅਤੇ 4(1) ਤਹਿਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿਚ ਚਾਰ ਪੋਕਲੇਨ ਮਸ਼ੀਨਾਂ ਦੇ ਨਾ ਮਾਲੂਮ ਚਾਲਕਾਂ ਅਤੇ ਮਾਲਕਾਂ, ਨਾ ਮਾਲੂਮ ਜ਼ਮੀਨ ਮਾਲਕਾਂ ਅਤੇ ਨਾ ਮਾਲੂਮ ਟਿੱਪਰ ਚਾਲਕਾਂ ਤੇ ਮਾਲਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਨੂਰਪੁਰ ਬੇਦੀ ਦੀ ਪੁਲਿਸ ਵੱਲੋਂ ਵੀ ਮਾਈਨਿੰਗ ਵਿਭਾਗ ਦੀ ਟੀਮ ਨਾਲ ਮਿਲ ਕੇ ਕਰੈਸ਼ਰ ਜੋਨ ਪਿੰਡ ਐਲਗਰਾਂ ਵਿਚ ਸਵਾਂ ਨਦੀ ’ਚ ਨਜਾਇਜ ਮਾਈਨਿੰਗ ਖਿਲਾਫ਼ ਕਾਰਵਾਈ ਕੀਤੀ ਗਈ। ਇੱਥੇ ਨਜਾਇਜ ਮਾਈਨਿੰਗ ਕਰਦੀ ਇੱਕ ਪੋਕਲੇਨ ਮਸ਼ੀਨ ਕਾਬੂ ਕਰਕੇ ਪੁਲਿਸ ਕਬਜ਼ੇ ਵਿਚ ਲਈ ਗਈ। ਇਸ ਮਾਮਲੇ ਵਿਚ ਵੀ ਐਮਐਮਡੀਆਰ ਐਕਟ ਦੀ ਧਾਰਾ 21(1) ਅਤੇ 4(1) ਤਹਿਤ ਥਾਣਾ ਨੂਰਪੁਰ ਬੇਦੀ ਵਿਖੇ ਪੋਕਲੇਨ ਮਸ਼ੀਨ ਦੇ ਚਾਲਕ ਅਤੇ ਮਾਲਕ ਸਹਿਤ ਨਜਾਇਜ ਮਾਈਨਿੰਗ ਵਾਲੀ ਜ਼ਮੀਨ ਦੇ ਮਾਲਕਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਪੁਲਿਸ ਵੱਲੋਂ ਨਜਾਇਜ ਮਾਈਨਿੰਗ ਖਿਲਾਫ਼ ਅਜਿਹੀਆਂ ਕਾਰਵਾਈਆਂ ਆਗਾਮੀ ਦਿਨਾਂ ਵਿਚ ਵੀ ਜਾਰੀ ਰਹਣਗੀਆਂ।