ਦੋ ਮਾਸੂਮਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ
ਦੋ ਮਾਸੂਮਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ
Publish Date: Sun, 07 Jun 2026 06:22 PM (IST)
Updated Date: Mon, 08 Jun 2026 04:06 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਖੇਤਰ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਉਨ੍ਹਾਂ ਨੂੰ ਰੋਕਣ ਵਿੱਚ ਪੁਲਿਸ ਦੀ ਨਾਕਾਮੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਬੀਤੇ ਦਿਨੀਂ ਇੱਕ ਸਕੈਨ ਸੈਂਟਰ ਤੇ ਹੋਈ ਫਾਇਰਿੰਗ, ਸ਼ਹਿਰ ਵਿੱਚ ਘੁੰਮ ਰਹੇ ਨਕਾਬਪੋਸ਼ਾਂ ਅਤੇ ਲਗਾਤਾਰ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਦੋ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪੁਲਿਸ ਥਾਣਾ ਅਤੇ ਦੋ ਪੁਲਿਸ ਚੌਕੀਆਂ ਹੋਣ ਦੇ ਬਾਵਜੂਦ ਖੇਤਰ ਵਿੱਚ ਅਪਰਾਧਿਕ ਅਨਸਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਚਾਰ ਦਿਨ ਬੀਤ ਜਾਣ ਦੇ ਬਾਵਜੂਦ ਲਾਪਤਾ ਹੋਏ ਦੋਵੇਂ ਬੱਚਿਆਂ ਦਾ ਕੋਈ ਸੁਰਾਗ ਨਾ ਮਿਲਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਭੂਪਿੰਦਰ ਸ਼ਰਮਾ ਪੁੱਤਰ ਸੁੰਦਰ ਸ਼ਰਮਾ ਅਤੇ ਸੋਤੀ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ, ਜੋ ਮੂਲ ਰੂਪ ਵਿੱਚ ਬਿਹਾਰ ਦੇ ਜ਼ਿਲ੍ਹਾ ਕਟੀਹਾਰ ਦੇ ਵਸਨੀਕ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਆਜ਼ਮਪੁਰ ਵਿੱਚ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ, ਨੇ ਦੱਸਿਆ ਕਿ ਭੂਪਿੰਦਰ ਸ਼ਰਮਾ ਦਾ 12 ਸਾਲਾ ਪੁੱਤਰ ਰਾਤੇਸ਼ ਕੁਮਾਰ ਅਤੇ ਸੋਤੀ ਸ਼ਰਮਾ ਦਾ 10 ਸਾਲਾ ਪੁੱਤਰ ਸੋਨੂ 4 ਜੂਨ ਨੂੰ ਦੁਪਹਿਰ ਕਰੀਬ 2 ਵਜੇ ਘਰੋਂ ਖੇਡਣ ਲਈ ਨਿਕਲੇ ਸਨ , ਪਰ ਉਸ ਤੋਂ ਬਾਅਦ ਵਾਪਸ ਨਹੀਂ ਆਏ। ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ਤੇ ਹਰ ਸੰਭਵ ਥਾਂ ਬੱਚਿਆਂ ਦੀ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਮਾਪਿਆਂ ਨੇ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਗਿਰੋਹ ਵੱਲੋਂ ਕਿਤੇ ਲਿਜਾ ਕੇ ਲੁਕਾ ਕੇ ਰੱਖਿਆ ਗਿਆ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਚਿਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਨੂੰ ਸਰਗਰਮ ਕੀਤਾ ਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਵਾਪਰੀਆਂ ਕਈ ਗੰਭੀਰ ਘਟਨਾਵਾਂ ਦੇ ਦੋਸ਼ੀ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਸ ਕਾਰਨ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਲਗਾਤਾਰ ਡਗਮਗਾ ਰਿਹਾ ਹੈ। ਵਧ ਰਹੇ ਅਪਰਾਧ ਅਤੇ ਨਾਕਾਮ ਜਾਂਚਾਂ ਕਾਰਨ ਲੋਕ ਖੌਫ਼ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ। ਅਪਰਾਧ ਵਧੇ, ਨਤੀਜੇ ਸਿਫ਼ਰ: ਪੁਲਿਸ ਦੀ ਕਾਰਵਾਈ ਤੇ ਉੱਠ ਰਹੇ ਸਵਾਲ ਨੂਰਪੁਰਬੇਦੀ ਖੇਤਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਅਪਰਾਧਿਕ ਘਟਨਾਵਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਸਕੈਨ ਸੈਂਟਰ ਤੇ ਫਾਇਰਿੰਗ, ਨਕਾਬਪੋਸ਼ ਵਿਅਕਤੀਆਂ ਦੀਆਂ ਸ਼ੱਕੀ ਗਤੀਵਿਧੀਆਂ, ਲਗਾਤਾਰ ਚੋਰੀਆਂ ਅਤੇ ਹੁਣ ਦੋ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਵਰਗੀਆਂ ਘਟਨਾਵਾਂ ਨੇ ਖੇਤਰ ਦੀ ਕਾਨੂੰਨ-ਵਿਵਸਥਾ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਲੋਕਾਂ ਦਾ ਦੋਸ਼ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਅਜੇ ਤੱਕ ਕੋਈ ਵੱਡੀ ਜਾਂ ਠੋਸ ਸਫ਼ਲਤਾ ਪੁਲਿਸ ਦੇ ਹੱਥ ਨਹੀਂ ਲੱਗੀ। ਨਾ ਚੋਰੀਆਂ ਕਰਨ ਵਾਲੇ ਗਿਰੋਹ ਕਾਬੂ ਆਏ, ਨਾ ਨਕਾਬਪੋਸ਼ਾਂ ਦੀ ਪਛਾਣ ਹੋਈ ਅਤੇ ਨਾ ਹੀ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਿਆ। ਹੁਣ ਦੋ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਲਾਕਾ ਨਿਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਪੁਲਿਸ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਤੱਕ ਪਹੁੰਚਣ ਵਿੱਚ ਸਫ਼ਲ ਹੁੰਦੀ ਤਾਂ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਨਾ ਹੁੰਦੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਖੇਤਰ ਵਿੱਚ ਕਾਨੂੰਨ ਦਾ ਰਾਜ ਬਹਾਲ ਹੋ ਸਕੇ। ਕੈਪਸ਼ਨ: ਲਾਪਤਾ ਹੋਏ ਬੱਚੇ ਰਾਤੇਸ਼ ਕੁਮਾਰ ’ਤੇ ਸੋਨੂ, ਅਤੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰ।