ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਸ਼ੁਰੂ
ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਸ਼ੁਰੂ
Publish Date: Thu, 09 Apr 2026 05:01 PM (IST)
Updated Date: Fri, 10 Apr 2026 04:06 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : 13 ਵਾਰਡਾਂ ਵਾਲੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਦੀ ਮਿਆਦ 14 ਅਪ੍ਰੈਲ ਨੂੰ ਪੂਰੀ ਹੋ ਰਹੀ ਹੈ, ਜਿਸ ਤੋਂ ਬਾਅਦ ਇਸ ਦਾ ਪ੍ਰਬੰਧ ਐੱਸਡੀਐੱਮ ਦੇ ਹਵਾਲੇ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਇਹ ਸੰਕੇਤ ਮਿਲ ਰਹੇ ਹਨ ਕਿ ਨਜ਼ਦੀਕੀ ਸਮੇਂ ਵਿਚ ਨਗਰ ਕੌਂਸਲ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੀ ਨਗਰੀ ਹੋਣ ਦੇ ਨਾਲ ਨਾਲ ਕਲਾਸ-ਵਨ ਨਗਰ ਕੌਂਸਲ ਹੋਣ ਕਾਰਨ ਇੱਥੇ ਦੀਆਂ ਚੋਣਾਂ ਹਮੇਸ਼ਾਂ ਹੀ ਰੌਚਕ ਰਹਿੰਦੀਆਂ ਹਨ। ਪਹਿਲਾਂ ਵਾਰਡਾਂ ਦੀ ਗਿਣਤੀ 13 ਤੋਂ ਵਧਾ ਕੇ 15 ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਤੇ ਨਵੀਂ ਵਾਰਡਬੰਦੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋਏ ਸਨ, ਪਰ ਮੌਜੂਦਾ ਹਾਲਾਤਾਂ ਵਿਚ ਇਹ ਲੱਗਦਾ ਹੈ ਕਿ ਚੋਣਾਂ ਪੁਰਾਣੀ ਵਾਰਡਬੰਦੀ ਅਨੁਸਾਰ ਹੀ 13 ਵਾਰਡਾਂ ਵਿਚ ਕਰਵਾਈਆਂ ਜਾਣਗੀਆਂ ਜੇਕਰ ਰਾਜਨੀਤਿਕ ਪੱਖ ਤੋਂ ਵੇਖਿਆ ਜਾਵੇ ਤਾਂ ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰਾਂ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਭਾਵੇਂ ਕਿ ਚੋਣਾਂ ਪਾਰਟੀ ਨਿਸ਼ਾਨਾਂ ’ਤੇ ਨਹੀਂ ਲੜੀਆਂ ਜਾਣਗੀਆਂ ਪਰ ਅਸਲ ਟੱਕਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਪ੍ਰਭਾਵ ਹੇਠ ਦੇਖਣ ਨੂੰ ਮਿਲ ਸਕਦੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣ ਨਾਲ ਸੱਤਾਧਾਰੀ ਧਿਰ ਪੂਰੇ ਜੋਸ਼ ਨਾਲ ਮੈਦਾਨ ਵਿਚ ਉਤਰਣ ਦੀ ਤਿਆਰੀ ਕਰ ਰਹੀ ਹੈ, ਜਦਕਿ ਕਾਂਗਰਸ ਵੱਲੋਂ ਵੀ ਬਲਾਕ ਸਮਿਤੀ ਅਤੇ ਜ਼ਿਲ੍ਹਾਂ ਪਰਿਸ਼ਦ ਚੋਣਾਂ ਵਿਚ ਦਿੱਤੇ ਗਏ ਟੱਕਰ ਦੇ ਆਧਾਰ ’ਤੇ ਪੂਰਾ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਤੀਜੇ ਜਾਂ ਚੌਥੇ ਨੰਬਰ ਦੀ ਲੜਾਈ ਲੜਨ ਦੇ ਆਸਾਰ ਹਨ। ਪਿਛਲੀ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਆਪਣੀਆਂ ਜਮਾਨਤਾਂ ਤੱਕ ਨਹੀਂ ਬਚਾ ਸਕੇ ਸਨ, ਜਦਕਿ ਭਾਜਪਾ ਅੰਦਰੂਨੀ ਧੜੇਬੰਦੀ ਨਾਲ ਜੂਝ ਰਹੀ ਹੈ, ਜਿਸ ਦਾ ਲਾਭ ਹੋਰ ਪਾਰਟੀਆਂ ਨੂੰ ਮਿਲ ਸਕਦਾ ਹੈ। ਨਵੇਂ ਚਿਹਰਿਆਂ ਨੂੰ ਮਿਲੇਗਾ ਮੌਕਾ ਇਸ ਵਾਰ ਨਵੇਂ ਚਿਹਰਿਆਂ ਨੂੰ ਮੌਕਾ ਮਿਲਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਖਾਸ ਕਰ ਕੇ ਨੌਜਵਾਨਾਂ ਤੇ ਔਰਤਾਂ ਨੂੰ ਅੱਗੇ ਲਿਆਉਣ ਦੀ ਗੱਲ ਹਰ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਚੋਣਾਂ ਹੋਰ ਵੀ ਦਿਲਚਸਪ ਹੋ ਸਕਦੀਆਂ ਹਨ। ਪਵਿੱਤਰ ਨਗਰੀ-ਨਸ਼ਿਆਂ ਨੂੰ ਲੱਗੇਗੀ ਲਗਾਮ? ਇਸ ਸਭ ਦੇ ਦਰਮਿਆਨ ਇਕ ਮਹੱਤਵਪੂਰਨ ਸਵਾਲ ਲੋਕਾਂ ਦੀ ਜੁਬਾਨ ’ਤੇ ਹੈ ਕਿ ਪਵਿੱਤਰ ਨਗਰੀ ਦਾ ਦਰਜਾ ਮਿਲਣ ਤੋਂ ਬਾਅਦ ਕੀ ਇਸ ਵਾਰ ਚੋਣਾਂ ਦੌਰਾਨ ਸ਼ਰਾਬ, ਮੀਟ ਤੇ ਹੋਰ ਨਸ਼ਿਆਂ ਦੇ ਖੁੱਲੇ ਦੌਰ ’ਤੇ ਰੋਕ ਲੱਗੇਗੀ ਜਾਂ ਹਰ ਵਾਰ ਦੀ ਤਰ੍ਹਾਂ ਇਹ ਰਵਾਇਤ ਜਾਰੀ ਰਹੇਗੀ। ਲੋਕਾਂ ਵੱਲੋਂ ਸਰਕਾਰ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਚੋਣ ਪ੍ਰਕਿਰਿਆ ਨੂੰ ਸੁਚੱਜਾ ਤੇ ਨਸ਼ਾਮੁਕਤ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ।