ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਸੰਘਰਸ਼ ਤੇਜ਼
ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਸੰਘਰਸ਼ ਤੇਜ਼
Publish Date: Thu, 09 Apr 2026 04:09 PM (IST)
Updated Date: Fri, 10 Apr 2026 04:03 AM (IST)

ਕੁਲਵਿੰਦਰ ਭਾਟੀਆ, ਪੰਜਬੀ ਜਾਗਰਣ, ਨੰਗਲ : ਹਿਮਾਚਲ ਪ੍ਰਦੇਸ਼ ਵਿਚ ਲਗਾਏ ਜਾ ਰਹੇ ਐਂਟਰੀ ਟੈਕਸ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਬ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਅਤੇ ਜ਼ਿਲ੍ਹਾ ਭਰ ਦੀਆਂ ਟੈਕਸੀ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਾਂਝੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ 11 ਅਪ੍ਰੈਲ, ਦਿਨ ਸ਼ਨੀਵਾਰ, ਬਾਦ ਦੁਪਹਿਰ 3 ਵਜੇ ਪੰਜ ਪਿਆਰਾ ਪਾਰਕ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਘਰਸ਼ੀ ਆਗੂਆਂ ਅਤੇ ਸਮਰਥਕਾਂ ਦੀ ਇਕ ਜ਼ਰੂਰੀ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਹੁਣ ਤੱਕ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਦੀ ਕਾਰਗੁਜ਼ਾਰੀ ਦੀ ਨਜ਼ਰਸ਼ਾਨੀ ਕੀਤੀ ਜਾਵੇਗੀ ਅਤੇ ਸਾਰੇ ਸੰਬੰਧਤ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਮਸਲੇ ਪ੍ਰਤੀ ਅਪਣਾਏ ਜਾ ਰਹੇ ਢਿਲਮੁਲ ਰਵੱਈਏ ਨੂੰ ਵੀ ਵਿਚਾਰਿਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਅਗਲੀ ਸੰਘਰਸ਼ੀ ਰਣਨੀਤੀ ਅਤੇ ਕਾਰਵਾਈ ਦਾ ਐਲਾਨ ਮੌਕੇ ‘ਤੇ ਹੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਿਸਾਨ ਆਗੂ ਸੇਠੀ ਸ਼ਰਮਾ (ਕੀਰਤਪੁਰ), ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਆਗੂ ਕਰਨਵੀਰ ਸਿੰਘ ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਨ ਸਿੰਘ, ਵਾਈਸ ਪ੍ਰਧਾਨ ਕਮਲਜੀਤ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਥਾਣਾ, ਕਿਰਤੀ ਕਿਸਾਨ ਮੋਰਚਾ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ, ਸੰਘਰਸ਼ੀ ਆਗੂ ਕਸ਼ਮੀਰ ਸਿੰਘ ਨੰਗਲੀ, ਪਰਮਜੀਤ ਸਿੰਘ ਸਰਪੰਚ ਕਕਰਾਲਾ, ਹਰਦੀਪ ਸਿੰਘ ਸਰਪੰਚ ਬਲਹੇੜਾ ਅਤੇ ਦਰਸ਼ਨ ਸਿੰਘ ਪ੍ਰਧਾਨ ਟੈਕਸੀ ਯੂਨੀਅਨ ਨੂਰਪੁਰ ਬੇਦੀ ਸਮੇਤ ਹੋਰ ਕਈ ਆਗੂ ਹਾਜ਼ਰ ਸਨ।