ਐੱਸਡੀਐੱਮ ਸਚਿਨ ਪਾਠਕ 14 ਨੂੰ ਬਤੌਰ ਪ੍ਰਸ਼ਾਸਕ ਸਾਂਭਣਗੇ ਕੰਮਕਾਜ
14 ਨੂੰ ਨਗਰ ਕੌਂਸਲ ਨੰਗਲ ਦਾ ਬਤੌਰ ਪ੍ਰਸ਼ਾਸਕ ਕੰਮਕਾਜ ਸੰਭਾਲਣਗੇ: ਐੱਸਡੀਐੱਮ ਸਚਿਨ ਪਾਠਕ
Publish Date: Wed, 08 Apr 2026 04:39 PM (IST)
Updated Date: Thu, 09 Apr 2026 04:00 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਪੰਜਾਬ ਭਰ ਦੀਆਂ 102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦਾ ਨਿਰਧਾਰਿਤ ਕਾਰਜਕਾਲ ਸਮਾਪਤ ਹੋ ਰਿਹਾ ਹੈ। ਇਸ ਨਾਲ ਹੀ ਇਨ੍ਹਾਂ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀਆਂ ਸ਼ਕਤੀਆਂ ਖਤਮ ਹੋ ਜਾਣਗੀਆਂ ਹਨ ਅਤੇ ਹੁਣ ਇਨ੍ਹਾਂ ਇਲਾਕਿਆਂ ਵਿਚ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਕੰਮਕਾਜ ਸੰਭਾਲਿਆ ਜਾਵੇਗਾ। ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ 2 ਅਪਰੈਲ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਸਰਕਾਰ ਵੱਲੋਂ ਨਗਰ ਕੌਂਸਲਾਂ ਵਿਚ ਅਸਥਾਈ ਤੌਰ ’ਤੇ ਪ੍ਰਸ਼ਾਸਕ ਨਿਯੁਕਤ ਕੀਤੇ ਜਾਣਗੇ ਜੋ ਨਗਰ ਪ੍ਰਸ਼ਾਸਨ ਦੇ ਦਿਨਚਰੀ ਕਾਰਜ ਚਲਾਉਣਗੇ। ਇਨ੍ਹਾਂ ਪ੍ਰਸ਼ਾਸਕਾਂ ਨੂੰ ਸਫਾਈ, ਪਾਣੀ ਸਪਲਾਈ, ਸੜਕਾਂ ਦੀ ਸੰਭਾਲ ਅਤੇ ਹੋਰ ਮੁੱਢਲੀਆਂ ਸਹੂਲਤਾਂ ਨੂੰ ਸੁਚਾਰੂ ਰੱਖਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਲੜੀ ਤਹਿਤ ਨਗਰ ਕੌਂਸਲ ਨੰਗਲ ਦਾ ਕਾਰਜਕਾਲ 14 ਮਾਰਚ ਨੂੰ ਖਤਮ ਹੋਣ ਕਾਰਣ ਉੱਪ ਮੰਡਲ ਮਜਿਸਟ੍ਰੇਟ ਨੰਗਲ ਸਚਿਨ ਪਾਠਕ 14 ਮਾਰਚ ਨੂੰ ਨਗਰ ਕੌਂਸਲ ਨੰਗਲ ਦੇ ਪ੍ਰਸ਼ਾਸ਼ਕ ਵਜੋਂ ਕਾਰਜਭਾਰ ਸੰਭਾਲਣਗੇ। ਇਸ ਦੌਰਾਨ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ। ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਉਮੀਦ ਹੈ ਕਿ ਚੋਣ ਕਮਿਸ਼ਨ ਜਲਦੀ ਹੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰੇਗਾ। ਲੋਕਾਂ ਵਿਚ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਨਵੀਆਂ ਚੋਣਾਂ ਤੋਂ ਬਾਅਦ ਬਣਨ ਵਾਲੀਆਂ ਨਗਰ ਕੌਂਸਲਾਂ ਵੱਲੋਂ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਇਸ ਵੇਲੇ ਤੱਕ ਪ੍ਰਸ਼ਾਸਕੀ ਪ੍ਰਬੰਧ ਹੇਠ ਹੀ ਸਾਰੇ ਕੰਮ ਜਾਰੀ ਰਹਿਣਗੇ।