ਮੇਲਾ ਪ੍ਰਬੰਧਾਂ ਲਈ ਪ੍ਰਸ਼ਾਸਨ ਦੀ ਸੰਤ ਭੂਰੀ ਵਾਲਿਆਂ ਨਾਲ ਮੁਲਾਕਾਤ
ਹੋਲਾ ਮਹੱਲਾ ਮੌਕੇ ਪ੍ਰਬੰਧਾਂ ਲਈ ਜ਼ਿਲ੍ਹਾਂ ਪ੍ਰਸ਼ਾਸਨ ਦੀ ਸੰਤ ਭੂਰੀ ਵਾਲਿਆਂ ਨਾਲ ਮੁਲਾਕਾਤ
Publish Date: Sun, 01 Mar 2026 04:03 PM (IST)
Updated Date: Mon, 02 Mar 2026 03:59 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਖਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਸਾਲਾਨਾ ਕੌਮੀ ਜੋੜ ਮੇਲੇ ਹੋਲਾ ਮਹੱਲਾ ਨੂੰ ਸ਼ਾਨੋ ਸ਼ੌਕਤ ਅਤੇ ਸੁਚੱਜੇ ਪ੍ਰਬੰਧਾਂ ਨਾਲ ਮਨਾਉਣ ਲਈ ਰੂਪਨਗਰ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸੇ ਸਬੰਧ ਵਿਚ ਡਿਪਟੀ ਕਮਿਸ਼ਨਰ ਅਦਿਤਿਆ ਡਚਰਵਾਲ ਆਈਏਐੱਸ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਮਨਿੰਦਰ ਸਿੰਘ ਨੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੇ ਹੋਲਾ ਮਹੱਲਾ ਮੌਕੇ ਸੁਰੱਖਿਆ ਪ੍ਰਬੰਧਾਂ, ਟ੍ਰੈਫਿਕ ਨਿਯੰਤਰਣ, ਲੰਗਰ ਵਿਵਸਥਾ, ਸਫਾਈ ਪ੍ਰਬੰਧ ਅਤੇ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਲਈ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੁਵਿਧਾ ਅਤੇ ਸੁਰੱਖਿਆ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਹਰ ਵਿਭਾਗ ਨੂੰ ਆਪਣੀ ਜ਼ਿੰਮੇਵਾਰੀ ਮੁਤਾਬਕ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ। ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਹੋਲਾ ਮਹੱਲਾ ਖਾਲਸਾ ਪੰਥ ਦੀ ਸ਼ਾਨ ਅਤੇ ਰਵਾਇਤਾਂ ਦਾ ਪ੍ਰਤੀਕ ਹੈ ਅਤੇ ਇਸ ਦੌਰਾਨ ਸੰਗਤਾਂ ਦੀ ਸੇਵਾ ਸਭ ਤੋਂ ਵੱਡੀ ਭਗਤੀ ਹੈ। ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰ ਸੇਵਾਵਾਂ ਅਤੇ ਲੰਗਰ ਪ੍ਰਬੰਧਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਐੱਸਪੀ ਹੈਡਕੁਆਰਟਰ ਅਰਵਿੰਦ ਮੀਨਾ, ਐੱਸਡੀਐਮ ਰੋਪੜ ਜਸਪ੍ਰੀਤ ਸਿੰਘ, ਐੱਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਡੀਐੱਸਪੀ ਨੰਗਲ ਹਰਕੀਰਤ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਉਪਰੰਤ ਅਧਿਕਾਰੀਆਂ ਨੇ ਗੁਰੂ ਕਾ ਲੰਗਰ ਛਕਿਆ। ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਡਿਪਟੀ ਕਮਿਸ਼ਨਰ ਅਦਿਤਿਆ ਡਚਰਵਾਲ, ਐੱਸਐੱਸਪੀ ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਾਵਾ ਸਿੰਘ, ਬਾਬਾ ਸੁਖਵਿੰਦਰ ਸਿੰਘ, ਪ੍ਰੋਫੈਸਰ ਸਰਦਾਰਾ ਸਿੰਘ ਵੇਰਕਾ, ਨਵਤੇਜ ਸਿੰਘ ਵੇਰਕਾ, ਸਿੱਖ ਚਿੰਤਕ ਤਲਵਿੰਦਰ ਸਿੰਘ ਬੁੱਟਰ, ਸਾਬਕਾ ਮੀਤ ਸਕੱਤਰ ਰਾਮ ਸਿੰਘ ਭਿੰਡਰ, ਸੁਖਵਿੰਦਰ ਸਿੰਘ ਪੱਪੂ ਅਤੇ ਬਾਬਾ ਹਰੀ ਸਿੰਘ ਵੀ ਹਾਜ਼ਰ ਸਨ।