ਜੰਗਲਾਤ ਵਰਕਰਾਂ ਵੱਲੋਂ 14 ਨੂੰ ਸੂਬਾਈ ਧਰਨੇ ਦਾ ਐਲਾਨ
ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ 14 ਨੂੰ ਵਿੱਤ ਮੰਤਰੀ ਦੇ ਦਿੜਬਾ ਹਲਕੇ ’ਚ ਸੂਬਾਈ ਧਰਨੇ ਦਾ ਐਲਾਨ
Publish Date: Mon, 09 Feb 2026 04:42 PM (IST)
Updated Date: Tue, 10 Feb 2026 04:02 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਸਵੀਰ ਸੀਰਾ ਅਤੇ ਸੂਬਾ ਸਕੱਤਰ ਜਸਵਿੰਦਰ ਸੌਜਾ ਨੇ ਦੱਸਿਆ ਕਿ ਵਣ ਮੰਤਰੀ ਅਤੇ ਵਿੱਤ ਮੰਤਰੀ ਨਾਲ ਹੋਈਆਂ ਅਨੇਕਾਂ ਮੀਟਿੰਗਾਂ ’ਚ ਵਣ ਅਤੇ ਜੰਗਲੀ ਜੀਵ ਵਿਭਾਗ ’ਚ ਲਗਾਤਾਰ 2006 ਤੱਕ 10 ਸਾਲ ਪੂਰੇ ਕਰਦੇ ਬਾਕੀ ਰਹਿੰਦੇ 14 ਕਾਮਿਆਂ ਨੂੰ ਪੱਕੇ ਕਰਵਾਉਣ ਤੇ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਪੱਕੇ ਕੀਤੇ ਜਾਣ ਦੀ ਮੰਗ ਉਠਾਈ ਗਈ ਪਰ ਸਰਕਾਰ ਨੇ ਇਕ ਵੀ ਅਨਪੜ੍ਹ ਕਾਮਾ ਪੱਕਾ ਨਹੀ ਕੀਤਾ। ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ, ਵਿੱਤ ਸਕੱਤਰ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੀਤ ਗੁਰਦਾਸਪੁਰ, ਬਲਵੀਰ ਤਰਨਤਾਰਨ ਅਤੇ ਸਤਨਾਮ ਸੰਗਰੂਰ ਨੇ ਕਿਹਾ ਕਿ ਵਿਭਾਗ ਦੇ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਅਧੀਨ ਰੈਗੂਲਰ ਕੀਤਾ ਹੈ। ਜਦਕਿ ਬਾਕੀ ਸੀਨੀਅਰ ਅਨਪੜ੍ਹ ਕਾਮਿਆ ਨੂੰ ਪੱਕਿਆ ਕਰਨ ਲਈ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੂੰ ਜੋ 30 ਜੁਲਾਈ 2025 ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇ ਕੇ ਪੱਕੇ ਕਰਨ ਦੇ ਵੱਡੇ-ਵੱਡੇ ਬੋਰਡ ਲਗਾਏ ਗਏ ਅਤੇ ਇਸ਼ਤਿਹਾਰਬਾਜ਼ੀ ’ਤੇ ਕਰੋੜਾ ਰੁਪਏ ਖਰਚ ਕੀਤੀ ਗਏ, ਪਰ ਇਨ੍ਹਾਂ ਕਾਮਿਆਂ ਨੂੰ ਤਨਖਾਹਾਂ ਵੀ ਨਹੀ ਦਿੱਤੀਆ ਜਾ ਰਹੀਆਂ ਹਨ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 14 ਫਰਵਰੀ ਨੂੰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਦਿੜਬਾ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਯੂਨੀਅਨ ਆਗੂ ਸੇਰ ਸਿੰਘ ਸਰਹਿੰਦ, ਰਵੀਕਾਂਤ ਰੋਪੜ, ਬੱਬੂ ਮਾਨਸਾ, ਕੇਵਲ ਕ੍ਰਿਸ਼ਨ ਨਵਾਂਸ਼ਹਿਰ, ਰਵੀ ਲੁਧਿਆਣਾ ਅਤੇ ਮਲਕੀਤ ਮੁਕਤਸਰ ਨੇ ਦੱਸਿਆ ਕਿ ਡੇਲੀਵੇਜ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕਰਵਾਉਣ, ਨਵੇਂ ਕੰਮ ਚਲਾਉਣ, ਰੁੱਖਾਂ ਅਤੇ ਜੀਵ ਜੰਤੂਆਂ ਦੀ ਸੰਭਾਲ ਆਦਿ ਮੰਗਾਂ ਦੇ ਹੱਲ ਲਈ ਉਕਤ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰਵੀਕਾਂਤ ਮੂਸਾਪੁਰ ਨੇ ਦੱਸਿਆ ਕਿ ਉਕਤ ਧਰਨੇ ਲਈ ਵੱਖ-ਵੱਖ ਜ਼ਿਲਿਆਂ ’ਚ ਅੱਜ ਤੋਂ ਵਰਕਰਾਂ ਦੀ ਲਾਮਬੱਧੀ ਲਈ ਮੀਟਿੰਗਾਂ ਆਰੰਭ ਕੀਤੀਆਂ ਗਈਆਂ ਹਨ। ਬੈਠਕ ’ਚ ਸੁਲੱਖਣ ਮੋਹਾਲੀ, ਸੁਖਦੇਵ ਜਲੰਧਰ, ਗੁਰਬੀਰ ਫਿਰੋਜ਼ਪੁਰ, ਬਲਰਾਜ ਪਠਾਨਕੋਟ, ਭਵੀਸ਼ਨ ਲਾਲ ਜਲੰਧਰ, ਕੁਲਦੀਪ ਗੁਰਦਾਸਪੁਰ, ਪਵਨ ਹੁਸ਼ਿਆਰਪੁਰ, ਭੁਪਿੰਦਰ ਦਸੂਹਾ, ਜਗਤਾਰ ਸਿੰਘ ਸ਼ਾਹਪੁਰ, ਅਜੇ, ਭੁਪਿੰਦਰ ਨਾਭਾ ਅਤੇ ਕਰਮ ਸਿੰਘ ਹਰੀਕੇ ਪੱਤਣ ਆਦਿ ਆਗੂ ਹਾਜ਼ਰ ਸਨ।