ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕਰ ਕੇ ਗ੍ਰਿਫਤਾਰ ਕਰਨ ਦੀ ਨਿਖੇਧੀ
ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਪੈਨਸ਼ਨਰ ਐਸ਼ੋਸ਼ੀਏਸ਼ਨ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਕੇ ਗ੍ਰਿਫਤਾਰ ਕਰਨ ਦੀ ਪੰਜਾਬ ਸਰਕਾਰ ਦੀ ਘਿਨਾਉਣੀ
Publish Date: Mon, 09 Feb 2026 03:45 PM (IST)
Updated Date: Tue, 10 Feb 2026 03:59 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਸਕਤਰ ਤਰਸੇਮ ਲਾਲ ਅਤੇ ਪੈਨਸ਼ਨਰ ਐਸ਼ੋਸ਼ੀਏਸ਼ਨ ਦੇ ਡਿਵੀਜ਼ਨ ਪ੍ਰਧਾਨ ਭਾਗ ਸਿੰਘ ਭਉਵਾਲ ਨੇ ਸਾਂਝੇ ਤੌਰ ’ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ’ਤੇ ਸਮੂਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ। ਲੱਗਭੱਗ ਅੱਠ ਨੌਂ ਮਹੀਨਿਆਂ ਤੋਂ ਜਥੇਬੰਦੀ ਦੇ ਆਗੂਆਂ ’ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਜਥੇਬੰਦੀ ਲੰਮੇ ਸਮੇਂ ਤੋਂ ਸਰਕਾਰ ਕੋਲੋਂ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਗਿਆ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਕਈ ਵਾਰ ਕਿਸਾਨਾਂ ਨੂੰ ਮੀਟਿੰਗ ਵੀ ਦਿੱਤੀ ਗਈ ਪ੍ਰੰਤੂ ਮੀਟਿੰਗ ਦੇ ਵਿਚ ਕੀਤੀ ਗੱਲਬਾਤ ਦੇ ਮੁਤਾਬਕ ਕਿਸਾਨੀ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਸੀ। ਹੁਣ ਜਦੋਂ ਕਿਸਾਨ ਜਥੇਬੰਦੀ ਵੱਲੋਂ ਬਠਿੰਡਾ ਡੀ ਸੀ ਦਫਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਤਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿਚ ਭਾਰੀ ਪੁਲਿਸ ਫੋਰਸ ਭੇਜ ਕੇ ਘਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਹਰ ਵਕਤ ਖੜਨ ਦੇ ਡਰਾਮੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ’ਤੇ ਕਾਰਵਾਈ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪ੍ਰੰਤੂ ਜਦੋਂ ਵੀ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਪੈਂਦੀਆਂ ਨੇ ਤਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਂ ਤਾਂ ਘਰਾਂ ਵਿਚ ਨਜ਼ਰਬੰਦ ਕਰ ਲਿਆ ਜਾਂਦਾ ਹੈ ਜਾਂ ਗਿਰਫਤਾਰ ਕਰ ਲਿਆ ਜਾਂਦਾ ਹੈ। ਸਰਕਾਰ ਦਾ ਚਿਹਰਾ ਅੱਜ ਸਮੁੱਚੇ ਲੋਕਾਂ ਦੇ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਰਾਹ ਪੱਧਰਾ ਕਰਕੇ ਦੇ ਰਹੀ ਹੈ। ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਾਰ ਦੇ ਇਸ ਜਾਬਰ ਕਦਮ ਦੀ ਪੁਰਜੋਰ ਨਿਖੇਧੀ ਕਰਦੀ ਹੈ। ਸਮੂਹ ਸੰਘਰਸਸ਼ੀਲ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਜੇਕਰ ਅਸੀਂ ਇਹਨਾਂ ਸਰਕਾਰਾਂ ਤੋਂ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਸਾਨੂੰ ਸਮੁੱਚੇ ਲੋਕਾਂ ਨੂੰ ਸਾਂਝੇ ਸੰਘਰਸ਼ਾਂ ਦੇ ਤੌਰ ’ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਵੱਡੀ ਲਹਿਰ ਖੜੀ ਕਰਨੀ ਚਾਹੀਦੀ ਹੈ। ਟੈਕਨੀਕਲ ਸਰਵਿਸਜ਼ ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਗਿਰਫਤਾਰ ਕੀਤੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ‘ਤੇ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਨੀ ਬੰਦ ਕਰਕੇ ਜਥੇਬੰਦੀ ਨੂੰ ਮੀਟਿੰਗ ਦੇ ਕੇ ਕਿਸਾਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ।