1 ਕਰੋੜ 83 ਲੱਖ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਸ਼ੁਰੂ
1 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਢਾਹਾਂ ਤੋਂ ਜਟਵਾਹੜ੍ਹ ਤੱਕ 18 ਫੁੱਟ ਚੌੜੀ ਸੜਕ ਦਾ ਨਿਰਮਾਣ ਸ਼ੁਰੂ
Publish Date: Sun, 01 Feb 2026 04:24 PM (IST)
Updated Date: Mon, 02 Feb 2026 04:02 AM (IST)

ਸੈਣੀ ਨੇ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਕੰਮ ਦੀ ਕਰਵਾਈ ਆਰੰਭਤਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਲਕਾ ਰੂਪਨਗਰ ਵਿਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਲਗਾਤਾਰ ਲੋਕ-ਹਿੱਤਕਾਰੀ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਖੇਤਰ ਦੇ ਪਿੰਡ ਢਾਹਾਂ ਤੋਂ ਜਟਵਾਹੜ੍ਹ ਦੇ ਮੁੱਖ ਗੇਟ ਤੱਕ ਲਗਭਗ 1 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜੀ ਸੜਕ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਵਿਕਾਸ ਕਾਰਜ ਦੀ ਆਰੰਭਤਾ ਜ਼ਿਲ੍ਹਾਂ ਪਰਿਸ਼ਦ ਮੈਂਬਰ ਦੇਸਰਾਜ ਸੈਣੀ ਤੇ ਸੰਮਤੀ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਸਮੂਹਿਕ ਰੂਪ ਨਾਲ ਕਰਵਾਈ ਗਈ। ਇਹ ਸੜਕ ਬਣਨ ਨਾਲ ਨਾ ਸਿਰਫ਼ ਢਾਹਾਂ ਅਤੇ ਜਟਵਾਹੜ੍ਹ ਦੇ ਲੋਕਾਂ ਨੂੰ ਸੁਵਿਧਾ ਮਿਲੇਗੀ, ਸਗੋਂ ਆਸ-ਪਾਸ ਦੇ ਪਿੰਡਾਂ ਦੀ ਆਵਾਜਾਈ ਵੀ ਕਾਫ਼ੀ ਸੁਚਾਰੂ ਹੋਵੇਗੀ। ਇਸ ਮੌਕੇ ਜ਼ਿਲ੍ਹਾਂ ਪਰਿਸ਼ਦ ਮੈਂਬਰ ਦੇਸਰਾਜ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਰੂਪਨਗਰ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਅਗੇਤੂ ਹਲਕਾ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੀਆਂ ਸਰਕਾਰਾਂ ਦੌਰਾਨ ਜਿਹੜੇ ਵਿਕਾਸ ਕਾਰਜ ਲੰਮੇ ਸਮੇਂ ਤੱਕ ਅਣਡਿੱਠੇ ਰਹੇ, ਅੱਜ ਉਹਨਾਂ ਨੂੰ ਨਾ ਸਿਰਫ਼ ਸ਼ੁਰੂ ਕਰਵਾਇਆ ਗਿਆ ਹੈ, ਸਗੋਂ ਗੁਣਵੱਤਾ ਨਾਲ ਪੂਰਾ ਕਰਕੇ ਲੋਕਾਂ ਦੇ ਸਪੁਰਦ ਵੀ ਕੀਤਾ ਜਾ ਰਿਹਾ ਹੈ। ਦੇਸਰਾਜ ਸੈਣੀ ਨੇ ਅੱਗੇ ਕਿਹਾ ਕਿ ਇਹ ਸੜਕ ਖੇਤਰ ਦੀ ਆਰਥਿਕਤਾ, ਵਪਾਰ ਅਤੇ ਰੋਜ਼ਾਨਾ ਜੀਵਨ ਨੂੰ ਨਵੀਂ ਦਿਸ਼ਾ ਦੇਵੇਗੀ। ਕਿਸਾਨਾਂ, ਵਿਦਿਆਰਥੀਆਂ ਅਤੇ ਵਪਾਰੀਆਂ ਲਈ ਇਹ ਸੜਕ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਹਲਕੇ ਵਿੱਚ ਹੋਰ ਵੱਡੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਮੌਕੇ ਸਥਾਨਕ ਪਿੰਡ ਵਾਸੀਆਂ ਨੇ ਵਿਧਾਇਕ ਦਿਨੇਸ਼ ਚੱਢਾ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸਰਾਜ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਇਲਾਕੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਰਹੀ ਹੈ। ਇਸ ਮੌਕੇ ਸੰਮਤੀ ਮੈਂਬਰ ਸਤਨਾਮ ਨਗਰਾ, ਰਾਮਪ੍ਰਤਾਪ ਸਰਥਲੀ, ਦਫ਼ਤਰ ਇੰਚਾਰਜ ਨਰਿੰਦਰ ਚਾਹਲ, ਸਰਪੰਚ ਸ਼ਿਵ ਕੁਮਾਰ ਝਾਂਡੀਆਂ ਕਲਾਂ,ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਪੰਚ ਕੇਸਰ ਸਿੰਘ, ਪੰਚ ਬਹਾਦੁਰ ਸਿੰਘ, ਪੰਚ ਧਰਮਿੰਦਰ ਸਿੰਘ, ਪੰਚ ਲਖਵਿੰਦਰ ਸਿੰਘ ਅਤੇ ਹੋਰ ਪਤਵੰਤੇ ਅਤੇ ਪਿੰਡ ਵਾਸੀ ਹਾਜ਼ਰ ਸਨ।