ਡਾ.ਢੀਂਡਸਾ, ਡਾ.ਅਰਸ਼ਦੀਪ ਸਿੰਘ ਤੇ ਡਾ. ਚੋਪੜਾ ਦੀ ਵੈਟਨਰੀ ਅਫਸਰ ਵਜੋਂ ਹੋਈ ਚੋਣ
ਨੂਰਪੁਰ ਬੇਦੀ ਇਲਾਕੇ ਦੇ ਡਾ.ਕਰਨਦੀਪ ਢੀਂਡਸਾ, ਡਾ.ਅਰਸ਼ਦੀਪ ਸਿੰਘ ਅਤੇ ਡਾ.ਹਰਜੋਤ ਚੋਪੜਾ ਦੀ ਪੰਜਾਬ ਸਰਕਾਰ ‘ਚ ਵੈਟਨਰੀ ਅਫਸਰ ਵਜੋਂ ਹੋਈ ਚੋਣ
Publish Date: Thu, 29 Jan 2026 06:13 PM (IST)
Updated Date: Fri, 30 Jan 2026 04:08 AM (IST)

ਪਵਨ ਕੁਮਾਰ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਨੂਰਪੁਰ ਬੇਦੀ ਇਲਾਕੇ ਦੇ 3 ਨੌਜਵਾਨ ਡਾਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵਿਚ ਵੈਟਨਰੀ ਅਫਸਰ ਵਜੋਂ ਚੁਣੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਵਿਭਾਗ ਵਿਚ 405 ਵੈਟਨਰੀ ਅਫਸਰਾਂ ਦੀ ਭਰਤੀ ਕਰਨ ਲਈ ਮਾਰਚ 2024 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਰਾਹੀਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਨ੍ਹਾਂ ਵੈਟਨਰੀ ਡਾਕਟਰਾਂ ਦੀ ਚੋਣ ਲਈ ਪੀ.ਪੀ.ਐਸ.ਸੀ ਪਟਿਆਲਾ ਵਲੋਂ ਲਿਖਤੀ ਪ੍ਰੀਖਿਆ ’ਤੇ ਇੰਟਰਵਿਊ ਲਈ ਗਈ ਸੀ, ਜਿਸ ਵਿਚ ਚੁਣੇ ਗਏ 288 ਵੈਟਨਰੀ ਅਫਸਰਾਂ ਨੂੰ ਅੱਜ 30 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਮੁਹਾਲੀ ਵਿਖੇ ਨਿਯੁਕਤੀ ਪੱਤਰ ਸੌਂਪਣਗੇ। ਇਨ੍ਹਾਂ ਚੁਣੇ ਗਏ 288 ਵੈਟਨਰੀ ਅਫਸਰਾਂ ਵਿਚ ਤਿੰਨ ਡਾਕਟਰ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਤ ਹਨ।ਜਦਕਿ ਰੂਪਨਗਰ ਜ਼ਿਲ੍ਹੇ ਦੇ ਕੁੱਲ 8 ਨੌਜਵਾਨ ਵੈਟਨਰੀ ਅਫਸਰ ਚੁਣੇ ਗਏ ਹਨ। ਨੂਰਪੁਰ ਬੇਦੀ ਇਲਾਕੇ ਤੋਂ ਚੁਣੇ ਗਏ ਵੈਟਨਰੀ ਅਫਸਰਾਂ ਵਿਚ ਡਾ.ਅਰਸ਼ਦੀਪ ਸਿੰਘ ਪੁੱਤਰ ਸਵ.ਕੁਲਵੰਤ ਸਿੰਘ ਪਿੰਡ ਸਮੀਰੋਵਾਲ, ਡਾ.ਕਰਨਦੀਪ ਸਿੰਘ ਢੀਂਡਸਾ ਪੁੱਤਰ ਪ੍ਰਿੰ.ਹਰਦੀਪ ਸਿੰਘ ਢੀਂਡਸਾ ਪਿੰਡ ਬਿੱਲਪੁਰ ਅਤੇ ਡਾ.ਹਰਜੋਤ ਚੋਪੜਾ ਨੂਰਪੁਰ ਬੇਦੀ ਪੁੱਤਰੀ ਡਾ.ਹਰਵਿੰਦਰ ਲਾਲ ਚੋਪੜਾ ਸੇਵਾ ਮੁਕਤ ਮੁੱਖ ਖੇਤੀਬਾੜੀ ਅਫਸਰ ਦੇ ਨਾਮ ਸ਼ਾਮਿਲ ਹਨ। ਇਲਾਕੇ ਦੇ ਇਹਨਾਂ ਤਿੰਨਾਂ ਨੌਜਵਾਨਾਂ ਵਲੋਂ ਪੀ.ਪੀ.ਐਸ.ਸੀ ਕਲੀਅਰ ਕਰਕੇ ਵੈਟਨਰੀ ਅਫਸਰ ਵਜੋਂ ਨਿਯੁਕਤ ਪ੍ਰਾਪਤ ਕੀਤੀ ਹੈ। ਦੱਸਣਯੋਗ ਹੈ ਕਿ ਡਾ.ਕਰਨਦੀਪ ਸਿੰਘ ਢੀਂਡਸਾ, ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ਼ ਤਖਤਗੜ੍ਹ ਦੇ ਪ੍ਰਿੰ.ਹਰਦੀਪ ਸਿੰਘ ਢੀਂਡਸਾ ’ਤੇ ਮੈਡਮ ਹਰਪਾਲ ਕੌਰ ਦੇ ਸਪੁੱਤਰ ਹਨ। ਡਾ. ਕਰਨਦੀਪ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦਾ ਵਿਦਿਆਰਥੀ ਰਿਹਾ ਹੈ, ਜਿਸ ਉਪਰੰਤ ਇਸ ਨੇ ਯੂਨੀਵਰਸਿਟੀ ਤੋਂ ਵੈਟਨਰੀ ਸਾਇੰਸ ’ਤੇ ਐਨੀਮਲ ਹਸਬੈਂਡਰੀ ਦੀ ਡਿਗਰੀ ਹਾਸਲ ਕਰਕੇ ਇਹ ਮੁਕਾਮ ਪ੍ਰਾਪਤ ਕੀਤਾ ਹੈ। ਡਾ. ਅਰਸ਼ਦੀਪ ਸਿੰਘ ਸਮੀਰੋਵਾਲ ਦੇ ਪਿਤਾ ਸਵ. ਕੁਲਵੰਤ ਸਿੰਘ ਵੀ ਪਸ਼ੂ ਪਾਲਣ ਵਿਭਾਗ ਵਿਚ ਬਤੌਰ ਵੈਟਨਰੀ ਇੰਸਪੈਕਟਰ ਕੰਮ ਕਰਦੇ ਸਨ। ਇਨ੍ਹਾਂ ਦੀ ਮਾਤਾ ਜਸਪ੍ਰੀਤ ਕੌਰ ਵੀ ਇਸੀ ਵਿਭਾਗ ਵਿਚ ਕੰਮ ਕਰਦੇ ਹਨ।ਜਿਹਨਾਂ ਨੇ ਆਪਣੇ ਹੋਣਹਾਰ ਪੁੱਤਰ ਨੂੰ ਆਪਣੇ ਹੀ ਵਿਭਾਗ ਵਿਚ ਅਫਸਰ ਬਣਾ ਕੇ ਅਪਣਾ ਸਪਨਾ ਪੂਰਾ ਕੀਤਾ ਹੈ। ਡਾ.ਅਰਸ਼ਦੀਪ ਨੇ ਭਾਈ ਨੰਦ ਲਾਲ ਸਕੂਲ ਅਨੰਦਪੁਰ ਸਾਹਿਬ ਤੋਂ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਵੈਟਨਰੀ ਦੀ ਡਿਗਰੀ ਹਾਸਲ ਕੀਤੀ ਸੀ। ਡਾ. ਹਰਜੋਤ ਚੋਪੜਾ ਡਾ. ਹਰਵਿੰਦਰ ਲਾਲ ਚੋਪੜਾ ਤੇ ਮੈਡਮ ਸੁਦੇਸ਼ ਕੁਮਾਰੀ ਦੇ ਸਪੁੱਤਰੀ ਹੈ। ਇਹ ਮਧੂਵਨ ਵਾਟਿਕਾ ਸਕੂਲ ਅਸਮਾਨਪੁਰ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਵਿਦਿਆਰਥਣ ਰਹਿਣ ਉਪਰੰਤ ਗਡਵਾਸੂ ਤੋਂ ਵੈਟਨਰੀ ਸਰਜਰੀ ਤੇ ਰੇਡੀਓਲੋਜੀ ਵਿਚ ਪੋਸਟ ਗਰੈਜੂਏਟ ਪਾਸ ਹੈ।ਨਵ-ਨਿਯੁਕਤ ਉਕਤ ਤਿੰਨੋ ਵੈਟਨਰੀ ਡਾਕਟਰਾਂ ਨੇ ਆਪਣੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਪੂਸ਼ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਭਰਤੀ ਨੂੰ ਪੂਰੀ ਇਮਾਨਦਾਰੀ ’ਤੇ ਨਿਰਪੱਖਤਾ ਨਾਲ ਨੇਪਰੇ ਚਾੜਿਆ ਜਿਸ ਕਰਕੇ ਉਹਨਾਂ ਦੀ ਚੋਣ ਹੋਈ। ਤਿੰਨਾਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੇ ਸਖਤ ਮਿਹਨਤ ਕਰ ਕੇ ਇਹ ਮੁਕਾਮ ਹਾਸਲ ਕੀਤਾ ਹੈ।