ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਵੱਲੋਂ 12 ਨੂੰ ਹੜਤਾਲ ਦਾ ਐਲਾਨ
ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਾਂਝੇ ਤੌਰ ’ਤੇ 12 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ
Publish Date: Thu, 29 Jan 2026 05:35 PM (IST)
Updated Date: Fri, 30 Jan 2026 04:07 AM (IST)

ਕੇਂਦਰੀ ਟਰੇਡ ਜਥੇਬੰਦੀਆਂ ਦੇ ਸੱਦੇ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕੌਮ ਆਊਟਸੋਰਸਡ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਕ੍ਰਿਸ਼ਨ ਸਿੰਘ ਔਲਖ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ ਅਤੇ ਬਲਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਢਿੱਲੋਂ ਵਲੋਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਗਿਆ ਕਿ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਭਾਰਤ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦਿੱਤਾ ਗਿਆ ਹੈ, ਜਿਸ ਨੂੰ ਪਾਵਰ ਕਾਰਪੋਰੇਸ਼ਨ ਵਿੱਚ ਤੈਨਾਤ ਵੱਖ ਵੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ (ਭੰਗਲ), ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਲਹਿਰਾ ਮੁਹੱਬਤ ਥਰਮਲ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਤੇ ਪੀਐੱਸਪੀਸੀਐੱਲ ਕੰਟਰੈਕਟ ਵਰਕਰ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਬਿਜਲੀ ਖੇਤਰ ਵਿਚ ਲਾਗੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਹ ਹੜਤਾਲ ਉਪਰੇਸ਼ਨ ਸਰਕਲਾਂ ਤੋਂ ਇਲਾਵਾ ਗਰਿੱਡ ਸਬ ਸਟੇਸ਼ਨਾਂ, ਸਟੋਰਾਂ, ਥਰਮਲ ਅਤੇ ਹਾਈਡਲ ਪ੍ਰੋਜੈਕਟਾਂ ਵਿਚ ਪੂਰੀ ਤਰ੍ਹਾਂ ਸਫ਼ਲ ਹੋਵੇਗੀ। ਇਹ ਹੜਤਾਲ 11 ਫਰਵਰੀ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ ਅਤੇ 12 ਫਰਵਰੀ ਰਾਤ 12 ਵਜੇ ਤੱਕ ਰਹੇਗੀ। ਆਗੂਆਂ ਵਲੋਂ ਦਸਿਆ ਗਿਆ ਕਿ ਇਹ ਹੜਤਾਲ ਵਿਭਾਗੀ ਮੰਗਾਂ ਤੋਂ ਅਗਾਂਹ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ’ਤੇ ਨਿਜੀਕਰਨ ਦੇ ਤਬਾਹਕੁੰਨ ਹਮਲੇ ਵਿਰੁੱਧ ਬਿਜਲੀ ਐਕਟ 2003 ਅਤੇ ਬਿਜਲੀ ਸੋਧ ਬਿੱਲ 2025 ਵਿਰੁੱਧ ਦੇਸ਼ ਦੇ ਸਮੂਹ ਮਿਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਸਾਂਝੇ ਹਿੱਤਾਂ ਨੂੰ ਬਚਾਉਣ ਲਈ ਦੇਸ਼ ਦੇ ਪੈਦਾਵਾਰੀ ਵਸੀਲਿਆਂ ਦੀ ਰਾਖੀ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਲਈ ਦੇਸ਼ ਦੇ ਕੁਲ ਪੈਦਾਵਾਰੀ ਵਸੀਲੇ ਜਿਵੇਂ ਬਿਜਲੀ, ਵਿਦਿਆ, ਸਿਹਤ ਸੇਵਾਵਾਂ, ਰੇਲਵੇ ਅਤੇ ਪਾਣੀ ਦੇ ਵਸੀਲੇ ਜ਼ੋ ਮਿਹਨਤਕਸ਼ ਲੋਕਾਂ ਦੇ ਭਲੇ ਦੇ ਨਾਂਅ ਹੇਠ ਉਨ੍ਹਾਂ ਦੇ ਹੀ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਸਨ, ਅੱਜ ਜਦੋਂ ਇਹ ਲੋਕਾਂ ਨੂੰ ਘੱਟ ਕੀਮਤ ’ਤੇ ਵੱਧ ਲਾਭ ਦੇਣ ਦੇ ਸਮਰੱਥ ਹੋ ਗਏ ਸਨ ਤਾਂ ਇਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਕੇ ਉਨ੍ਹਾਂ ਨੂੰ ਸੇਵਾ ਦੀ ਥਾਂ ਲੋਕਾਂ ਦੀ ਅੰਨੀ ਲੁੱਟ ਕਰਕੇ ਮੁਨਾਫ਼ੇ ਕਮਾਉਣ ਦੀ ਖੁਲ੍ਹ ਦਿਤੀ ਗਈ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਹੜਤਾਲ ਦਾ ਸਮਰਥਨ ਕਰਨ ਲਈ ਐਲਾਨ ਕੀਤਾ ਗਿਆ ਹੈ। ਕਾਰਪੋਰੇਟ ਘਰਾਣਿਆਂ ਦੀ ਲੁੱਟ ਤੇ ਮੁਨਾਫ਼ੇ ਕਮਾਉਣ ਦੀ ਲੋੜ ਨੂੰ ਮੁੱਖ ਰੱਖ ਕੇ ਇਨ੍ਹਾਂ ਖੇਤਰਾਂ ਵਿਚ ਜ਼ੋ ਨੀਤੀਆਂ ਅਤੇ ਕਾਨੂੰਨ ਪਹਿਲਾਂ ਲਾਗੂ ਸਨ ਉਹ ਲੁੱਟ ਅਤੇ ਮੁਨਾਫ਼ੇ ਦੀ ਲੋੜ ਦੇ ਰਾਹ ਦੀ ਰੁਕਾਵਟ ਬਣਦੇ ਸਨ, ਜਿਨ੍ਹਾਂ ਨੂੰ ਦੇਸ਼ ਦੀ ਪਾਰਲੀਮੈਂਟ ਵਲੋਂ ਤਬਦੀਲ ਕਰਕੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਦੀ ਲੋੜ ਨੂੰ ਰਾਸ ਬੈਠਦੀਆਂ ਨਵੀਆਂ ਨੀਤੀਆਂ ਅਤੇ ਕਾਨੂੰਨ ਲਾਗੂ ਕੀਤੇ ਗਏ। ਇਸ ਤਰ੍ਹਾਂ ਕਾਮਿਆਂ ਦਾ ਪੱਕੇ ਰੋਜ਼ਗਾਰ ਦਾ ਹੱਕ ਸਾਡੇ ਕੋਲੋਂ ਖੋਹ ਕੇ ਲੋੜ ਅਨੁਸਾਰ ਭਰਤੀ ਅਤੇ ਛਾਂਟੀ ਦਾ ਅਧਿਕਾਰ, ਗੁਜ਼ਾਰੇ ਯੋਗ ਤਨਖਾਹ ਦਾ ਸਾਡਾ ਹੱਕ ਖੋਹ ਕੇ ਮਨਮਰਜ਼ੀ ਦੀਆਂ ਉਜ਼ਰਤਾਂ ਦੇਣ ਦਾ ਅਧਿਕਾਰ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਗਿਆ। ਪੈਨਸ਼ਨਰੀ ਸੇਵਾ ਲਾਭ ਬੰਦ ਕਰ ਦਿੱਤਾ ਗਿਆ। ਕਾਮਿਆਂ ਵਲੋਂ ਖ਼ੂਨ ਦੇ ਕੇ ਹਾਸਲ ਕੀਤੇ ਟਰੇਡ ਯੂਨੀਅਨ ਅਤੇ ਲੇਬਰ ਕਾਨੂੰਨਾਂ ਵਿਚ ਕਾਮਾ ਵਿਰੋਧੀ ਸੋਧਾਂ ਕਰ ਕੇ ਕਾਮਿਆਂ ਨੂੰ ਕਾਰਪੋਰੇਟ ਲੁਟੇਰਿਆਂ ਅੱਗੇ ਬੇਰਹਿਮ ਲੁੱਟ ਲਈ ਪਰੋਸ ਦਿੱਤਾ ਗਿਆ। ਇਸ ਹਾਲਤ ਵਿਚ ਆਪਣੇ ਹੱਕਾਂ ਦੀ ਰਾਖੀ ਲਈ ਕਾਮਿਆਂ ਕੋਲ ਇਸ ਤਬਾਹਕੁੰਨ ਹੱਲੇ ਵਿਰੁੱਧ ਆਪਣੇ ਹੱਕਾਂ ਦੀ ਰਾਖੀ ਲਈ ਇੱਕੋ ਇੱਕ ਸਾਂਝੇ ਸੰਘਰਸ਼ ਦਾ ਰਾਹ ਹੈ। ਜਿਸਨੂੰ ਪੰਜਾਬ ਦੇ ਸਮੂਹ ਮਿਹਨਤਕਸ਼ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਇਸ ਹੜਤਾਲ ਨੂੰ ਸਫ਼ਲ ਬਣਾਉਣ ਲਈ ਯਤਨ ਕੀਤੇ ਜਾਣਗੇ। ਆਗੂਆਂ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਨਾਲ ਨਾਲ ਸਮੂਹ ਮਿਹਨਤਕਸ਼ ਲੋਕਾਂ ਨੂੰ ਕਿਹਾ ਕਿ ਇਹ ਨਿਜੀਕਰਨ ਵਿਰੁੱਧ ਸੰਘਰਸ਼ ਦੀ ਬੁਨਿਆਦ ਹੈ ਇਸ ਲਈ ਇਸ ਹੜਤਾਲ ਦੀ ਸਫਲਤਾ ਲਈ ਅਵੇਸਲੇ ਹੋਣ ਦੀ ਥਾਂ ਭਵਿੱਖ ਦੇ ਵਿਸ਼ਾਲ ਏਕਤਾ ਵਾਲੇ ਲੰਬੇ ਅਤੇ ਤਿੱਖੇ ਘੋਲਾਂ ਦੀ ਉਸਾਰੀ ਲਈ ਸਾਂਝੇ ਯਤਨ ਜੁਟਾਉਣ ਦੇ ਰਾਹ ਪੈਣ ਦੀ ਸਾਂਝੀ ਲੋੜ ਹੈ।