ਪਾਣੀ ਦੀ ਲੀਕੇਜ ਕਾਰਨ ਲੋਕ ਔਖੇ, ਲੰਘਣਾ ਹੋਇਆ ਮੁਸ਼ਕਲ
ਪਾਣੀ ਦੀ ਲੀਕੇਜ ਦੇ ਨਾਲ ਵਾਰਡ ਨੰਬਰ ਪੰਜ ਦੇ ਨਿਵਾਸੀ ਹੋਏ ਔਖੇ, ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ
Publish Date: Sun, 04 Jan 2026 04:57 PM (IST)
Updated Date: Mon, 05 Jan 2026 04:06 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਪੰਜ ਪਿੰਡ ਕਲਿਆਣਪੁਰ ਦੇ ਵਿਚ ਪਾਣੀ ਦੀ ਲੀਕੇਜ ਦੇ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਰਿਹਾ ਹੈ। ਸੜਕਾਂ ਉੱਤੇ ਪਾਣੀ ਜਮ੍ਹਾ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਪਾਣੀ ਦੀ ਲੀਕੇਜ ਬਰਕਰਾਰ ਹੈ ਪਰ ਸੰਬੰਧਿਤ ਮਹਿਕਮਾ ਇਸ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਦੇ ਨਾਲ ਜਿੱਥੇ ਕੜਕ ਦੀ ਸਰਦੀ ਦੇ ਵਿਚ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ, ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਕਈ ਥਾਵਾਂ ’ਤੇ ਲੀਕੇਜ ਹੋਣ ਕਾਰਨ ਪਾਣੀ ਸੜਕ ਵਿਚ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਰੋਜਾਨਾ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਰਗ ’ਤੇ ਵੱਡੇ ਪੱਧਰ ’ਤੇ ਲੀਕੇਜ ਹੋ ਰਹੀ ਹੈ, ਜਿਸ ਦੇ ਨਾਲ ਸੜਕ ਦੇ ਵਿਚ ਪਾਣੀ ਭਰਿਆ ਹੋਇਆ ਹੈ ਤੇ ਸੜਕ ਨੇ ਛੱਪੜ ਦਾ ਰੂਪ ਲੈ ਲਿਆ ਹੈ ਪੈਦਲ ਅਤੇ ਮੋਟਰਸਾਈਕਲ ’ਤੇ ਆਉਣ ਜਾਣ ਵਾਲੇ ਲੋਕਾਂ ਨੂੰ ਗਿੱਲਾ ਹੋਣਾ ਪੈਂਦਾ ਹੈ ਅਤੇ ਉਨਾਂ ਦੇ ਕੱਪੜੇ ਖਰਾਬ ਹੁੰਦੇ ਹਨ, ਦੂਜੇ ਪਾਸੇ ਪਿੰਡ ਦੀ ਸੜਕ ਦੇ ਵਿਚ ਪਾਣੀ ਜਮਾ ਹੋਣ ਕਾਰਨ ਰਾਤ ਬਰਾਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਿੰਡ ਕਲਿਆਣਪੁਰ ਲਈ ਇੱਕੋ ਇੱਕ ਇਹ ਰਸਤਾ ਹੈ ਜਿਸ ’ਤੇ ਰੋਜ਼ਾਨਾ ਸਥਾਨਕ ਨਿਵਾਸੀ ਆਉਣ ਜਾਣ ਲਈ ਵਰਤੋਂ ਕਰਦੇ ਹਨ। ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਸੰਬੰਧਿਤ ਮਹਿਕਮੇ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਜਲਦ ਹੀ ਇਸ ਲੀਕੇਜ ਨੂੰ ਠੀਕ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਸਬੰਧੀ ਸਬੰਧਤ ਮਹਿਕਮੇ ਦੇ ਜੇਈ ਬਿਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਇਕ-ਦੋ ਦਿਨਾਂ ’ਚ ਸਾਰੀ ਲੀਕੇਜ ਨੂੰ ਠੀਕ ਕਰਵਾ ਦਿੱਤਾ ਜਾਵੇਗਾ।