ਨਵੇਂ ਵਰ੍ਹੇ ਗੁਰੂ ਨਗਰੀ ਨੂੰ ਮੁਢਲੀਆਂ ਸਹੂਲਤਾਂ ਮਿਲਣ ਦੀ ਆਸ
ਨਵੇਂ ਵਰ੍ਹੇ ਗੁਰੂ ਨਗਰੀ ਨੂੰ ਮੁਢਲੀਆਂ ਸਹੂਲਤਾਂ ਮਿਲਣ ਦੀ ਆਸ
Publish Date: Sun, 04 Jan 2026 04:33 PM (IST)
Updated Date: Mon, 05 Jan 2026 04:06 AM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਨਵੇਂ ਵਰ੍ਹੇ 2026 ਦੇ ਚੜ੍ਹਦੇ ਹੀ ਸ੍ਰੀ ਕੀਰਤਪੁਰ ਸਾਹਿਬ ਵਾਸੀਆਂ ਨੂੰ ਉਮੀਦ ਹੈ ਕਿ ਸ਼ਹਿਰ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਵਿਕਾਸੀ ਕੰਮ ਅਖ਼ੀਰਕਾਰ ਰਫ਼ਤਾਰ ਫੜਣਗੇ ਅਤੇ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਨਜ਼ਰ ਆਵੇਗਾ। ਧਾਰਮਿਕ ਤੇ ਇਤਿਹਾਸਕ ਮਹੱਤਵ ਵਾਲੀ ਇਸ ਨਗਰੀ ਦੇ ਲੋਕਾਂ ਨੂੰ ਉਮੀਦ ਹੈ ਕਿ 2026 ਵਿਚ ਗੁਰੂ ਨਗਰੀ ਨੂੰ ਨਵਾਂ ਬਸ ਸਟੈਂਡ ਸੀਵਰੇਜ ਪ੍ਰਣਾਲੀ ਵਧੀਆ ਸਿਹਤ ਸੇਵਾਵਾਂ ਖਿਡਾਰੀਆਂ ਲਈ ਖੇਡ ਗਰਾਉਂਡ ਉਪਲਬਧ ਹੋ ਜਾਣ। ਜ਼ਿਕਰਯੋਗ ਹੈ ਕਿ ਗੁਰੂਨਗਰੀ ਨੂੰ ਅਜੇ ਤੱਕ ਨਾ ਬੱਸ ਸਟੈਂਡ ਨਸੀਬ ਹੋਇਆ, ਨਾ ਸੀਵਰੇਜ ਪ੍ਰਣਾਲੀ ਅਤੇ ਨਾ ਹੀ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਉਪਲਬਧ ਹਨ। ਇਨ੍ਹਾਂ ਅਹਿਮ ਮੁੱਦਿਆਂ ਨੂੰ ਲੈ ਕੇ ਹੁਣ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀਆਂ ਅਤੇ ਬਹੁਤ ਵਾਰ ਨਾਮੀ ਸ਼ਖਸ਼ੀਅਤਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਕਾਸੀ ਵਾਅਦਿਆਂ ਨੂੰ ਜਮੀਨੀ ਪੱਧਰ ’ਤੇ ਉਤਾਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਗੁਰੂ ਨਗਰੀ ਨੂੰ ਮਿਲੇ ਬੱਸ ਸਟੈਂਡ : ਐਡਵੋਕੇਟ ਵਰਿੰਦਰ ਬੀਰ ਸਿੰਘ ਸਮਾਜ ਸੇਵੀ ਐਡਵੋਕੇਟ ਵਰਿੰਦਰਬੀਰ ਸਿੰਘ ਨੇ ਕਿਹਾ ਕਿ ਪਵਿੱਤਰ ਅਤੇ ਇਤਿਹਾਸਕ ਸ਼ਹਿਰ ਵਿਚ ਅਜੇ ਤੱਕ ਬੱਸ ਸਟੈਂਡ ਨਾ ਬਣਾਉਣਾ ਸਰਕਾਰਾਂ ਦੀ ਵੱਡੀ ਨਾਕਾਮੀ ਹੈ। ਆਧਿਆਤਮਿਕ ਮਹੱਤਵ ਵਾਲੀ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ, ਜਿਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ, ਉਸ ਨਗਰੀ ਨੂੰ ਅੱਜ ਵੀ ਇੱਕ ਢੰਗ ਦੇ ਬੱਸ ਸਟੈਂਡ ਦੀ ਸੌਗਾਤ ਨਸੀਬ ਨਹੀਂ ਹੋਈ। ਨੈਸ਼ਨਲ ਹਾਈਵੇ ਦੇ ਮਾਰਗੀਕਰਨ ਦੌਰਾਨ ਇਥੋਂ ਦਾ ਪੁਰਾਣਾ ਬੱਸ ਸਟੈਂਡ ਢਾਹ ਦਿੱਤਾ ਗਿਆ ਸੀ, ਪਰ ਅਫਸੋਸ ਹੈ ਕਿ ਉਸਦੀ ਥਾਂ ਨਵਾਂ ਬੱਸ ਸਟੈਂਡ ਬਣਾਉਣ ਵੱਲ ਅਜੇ ਤੱਕ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਗਿਆ। ਇਸ ਅਣਦੇਖੀ ਦਾ ਭਾਰ ਸਭ ਤੋਂ ਵੱਧ ਸਥਾਨਕ ਨਿਵਾਸੀਆਂ ਅਤੇ ਦੂਰ-ਦੂਰੋਂ ਆਉਣ ਵਾਲੀ ਸੰਗਤ ਨੂੰ ਹੰਢਾਉਣਾ ਪੈ ਰਿਹਾ ਹੈ। ਗਰਮੀਆਂ ਵਿੱਚ ਤਪਦੀ ਧੁੱਪ ਹੇਠ ਖੜ੍ਹੇ ਰਹਿਣਾ, ਸਰਦੀਆਂ ਵਿੱਚ ਕੰਬਦੀ ਠੰਢ ਝੱਲਣਾ ਅਤੇ ਬਰਸਾਤ ਵਿੱਚ ਮੀਂਹ ਨਾਲ ਭਿੱਜਣਾ ਇਥੋਂ ਦੇ ਯਾਤਰੀਆਂ ਦੀ ਮਜਬੂਰੀ ਬਣ ਚੁੱਕੀ ਹੈ। ਨਾ ਬੈਠਣ ਦੀ ਢੰਗ ਦੀ ਸਹੂਲਤ, ਨਾ ਸ਼ੈੱਡ, ਨਾ ਹੀ ਕੋਈ ਜਨ ਹਿਤ ਸੁਵਿਧਾ ਦਾ ਪ੍ਰਬੰਧ । ਗੁਰੂ ਨਗਰੀ ਦੀ ਸ਼ਾਨ ਨੂੰ ਇਹ ਹਾਲਾਤ ਗੰਭੀਰ ਤੌਰ ‘ਤੇ ਠੇਸ ਪਹੁੰਚਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਾਅਦੇ ਤਾਂ ਬੇਸ਼ੱਕ ਕੀਤੇ ਗਏ ਕਿ ਕੀਰਤਪੁਰ ਸਾਹਿਬ ਨੂੰ ਜਲਦੀ ਆਧੁਨਿਕ ਬੱਸ ਸਟੈਂਡ ਮਿਲੇਗਾ, ਪਰ ਇਹ ਵਾਅਦੇ ਅਜੇ ਤੱਕ ਸਿਰਫ਼ ਕਾਗਜ਼ਾਂ ਅਤੇ ਬਿਆਨਾਂ ਤੱਕ ਹੀ ਸੀਮਤ ਹਨ। ਸਥਾਨਕ ਨਿਵਾਸੀਆਂ, ਸਮਾਜਕ ਸੰਸਥਾਵਾਂ ਤੇ ਸੰਗਤਾਂ ਨੇ ਸਰਕਾਰ ਨੂੰ ਅਪੀਲ ਹੈ ਕਿ ਗੁਰੂ ਨਗਰੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇ ਕੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਜਲਦੀ ਤੋਂ ਜਲਦੀ ਇੱਕ ਸੁਵਿਧਾਜਨਕ ਤੇ ਆਧੁਨਿਕ ਬੱਸ ਸਟੈਂਡ ਦਾ ਨਿਰਮਾਣ ਯਕੀਨੀ ਬਣਾਇਆ ਜਾਵੇ। ਹਸਪਤਾਲ |ਚ ਸ਼ੁਰੂ ਹੋਣੀਆਂ ਚਾਹੀਦੀਆਂ ਹਨ 24 ਘੰਟੇ ਐਮਰਜੈਂਸੀ ਸੇਵਾਵਾਂ : ਹਿਮਾਂਸ਼ੂ ਟੰਡਨ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਦਾ ਨਵੀਨੀਕਰਨ ਕੀਤਾ ਜਾ ਚੁੱਕਾ ਹੈ, ਜੋ ਸ਼ਹਿਰ ਵਾਸੀਆਂ ਲਈ ਇੱਕ ਯੋਗ ਕਦਮ ਹੈ। ਨਵੇਂ ਢਾਂਚੇ ਅਤੇ ਸੁਵਿਧਾਵਾਂ ਨਾਲ ਹਸਪਤਾਲ ਦੀ ਸੂਰਤ ਨਿਖਰ ਕੇ ਸਾਹਮਣੇ ਆਈ ਹੈ, ਪਰ ਅਜੇ ਵੀ ਲੋਕਾਂ ਦੀ ਮੁੱਖ ਮੰਗ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸ਼ੁਰੂਆਤ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਇੱਕ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਹੋਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਯਾਤਰੀਆਂ ਦਾ ਕੇਂਦਰ ਹੈ। ਅਜਿਹੇ ਵਿੱਚ ਕਿਸੇ ਵੀ ਐਮਰਜੈਂਸੀ ਹਾਲਤ ਦੌਰਾਨ ਤੁਰੰਤ ਇਲਾਜ ਉਪਲਬਧ ਹੋਣਾ ਬਹੁਤ ਜ਼ਰੂਰੀ ਹੈ। 24 ਘੰਟੇ ਐਮਰਜੈਂਸੀ ਸੇਵਾਵਾਂ ਨਾ ਹੋਣ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਦੂਰ ਦਰਾਜ਼ ਦੇ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ, ਜੋ ਕਈ ਵਾਰ ਜਾਨਲੇਵਾ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਵਰੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ 24x7 ਐਮਰਜੈਂਸੀ ਸੇਵਾਵਾਂ, ਤਜਰਬੇਕਾਰ ਡਾਕਟਰਾਂ ਤੇ ਲੋੜੀਂਦੇ ਸਟਾਫ਼ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ, ਤਾਂ ਜੋ ਸ਼ਹਿਰ ਵਾਸੀਆਂ ਦੇ ਨਾਲ-ਨਾਲ ਆਉਣ ਵਾਲੀ ਸੰਗਤ ਨੂੰ ਵੀ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਆਸ ਜਤਾਈ ਕਿ ਸਰਕਾਰ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਐਮਰਜੈਂਸੀ ਸੇਵਾਵਾਂ ਦੀ ਸ਼ੁਰੂਆਤ ਕਰੇਗੀ ਤੇ ਨਵੀਨੀਕਰਨ ਦਾ ਅਸਲ ਲਾਭ ਜਨਤਾ ਤੱਕ ਪਹੁੰਚੇਗਾ। ਨਾਜਾਇਜ਼ ਮਾਈਨਿੰਗ ਮੁਕੰਮਲ ਤੌਰ ’ਤੇ ਹੋਣੀ ਚਾਹੀਦੀ ਬੰਦ : ਬਲਵੀਰ ਸਿੰਘ ਸ਼ਾਹਪੁਰ ਬੇਲਾ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ ਅਧੀਨ ਪੈਂਦੀ ਲੋਹੰਡ ਖੱਡ, ਬਰਸਾਤੀ ਖੱਡਾਂ ਅਤੇ ਕੀਰਤਪੁਰ ਸਾਹਿਬ ਦੇ ਇਲਾਕੇ ਅੰਦਰ ਪੈਂਦੇ ਦਰਿਆ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਨਜਾਇਜ ਮਾਈਨਿੰਗ ਕਾਰਨ ਕੁਦਰਤੀ ਸਰੋਤਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਦਰਿਆਈ ਖੇਤਰਾਂ ਅਤੇ ਖੱਡਾਂ ਵਿੱਚ ਬੇਤਹਾਸਾ ਖੁਦਾਈ ਨਾਲ ਵਾਤਾਵਰਣ ਦਾ ਸੰਤੁਲਨ ਬਿਗੜ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਲੇ-ਦੁਆਲੇ ਦੇ ਇਲਾਕਿਆਂ ਅਤੇ ਆਮ ਲੋਕਾਂ ਉੱਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਸ ਹੈ ਕਿ ਇਸ ਵਰੇ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ’ਤੇ ਰੋਕ ਲਗਾਈ ਜਾਵੇਗੀ, ਤਾਂ ਜੋ ਕੁਦਰਤੀ ਸਰੋਤਾਂ ਦਾ ਬਚਾਅ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਧਰੋਹਰ ਸੰਭਾਲੀ ਜਾ ਸਕੇ। ਉਨ੍ਹਾਂ ਕਿਹਾ ਕਿ ਬੇਕਾਬੂ ਨਜਾਇਜ ਮਾਈਨਿੰਗ ਨਾਲ ਸਿਰਫ਼ ਵਾਤਾਵਰਨ ਨੂੰ ਹੀ ਨਹੀਂ, ਸਗੋਂ ਸਰਕਾਰੀ ਖ਼ਜ਼ਾਨੇ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਮਾਈਨਿੰਗ ਮਾਫੀਆ ਵੱਲੋਂ ਸਰਕਾਰ ਨੂੰ ਚੂਨਾ ਲਗਾਏ ਜਾਣ ਦੇ ਦੋਸ਼ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਸਮਾਜ ਸੇਵੀ ਨੇ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਮਾਈਨਿੰਗ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜਿੱਥੇ ਗ਼ੈਰਕਾਨੂੰਨੀ ਗਤੀਵਿਧੀਆਂ ਪਾਈਆਂ ਜਾਣ ਉੱਥੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਸ ਜਤਾਈ ਕਿ ਜੇਕਰ ਸਮੇਂ ਰਹਿੰਦਿਆਂ ਮਾਈਨਿੰਗ ’ਤੇ ਰੋਕ ਲੱਗੀ ਤਾਂ ਨਾ ਸਿਰਫ਼ ਕੁਦਰਤੀ ਸਰੋਤਾਂ ਦੀ ਰੱਖਿਆ ਹੋਵੇਗੀ। ਜਲਦ ਪੂਰਾ ਹੋਣਾ ਚਾਹੀਦੈ ਖੇਡ ਗਰਾਊਂਡ ਦਾ ਕੰਮ : ਹਰਸ਼ਿਤ ਜੋਸ਼ੀ ਧਾਰਮਿਕ ਨਗਰੀ ਕੀਰਤਪੁਰ ਸਾਹਿਬ ’ਚ ਨੌਜਵਾਨਾਂ ਦੀ ਖੇਡਾਂ ਵੱਲ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਖੇਡ ਗਰਾਊਂਡ ਬਣਾਉਣ ਦਾ ਕੰਮ ਲਗਭਗ ਕੁਝ ਸਮਾਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਇਹ ਕੰਮ ਵਿਚਾਲੇ ਹੀ ਲਟਕਿਆ ਹੋਇਆ ਹੈ। ਅਧੂਰੇ ਪਏ ਕੰਮ ਕਾਰਨ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਡ ਗਰਾਊਂਡ ਸਿਰਫ਼ ਖੇਡਾਂ ਲਈ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਸਮਾਜ ਦੀ ਨੀਂਹ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੱਲਦੇ ਸਾਲ ਦੌਰਾਨ ਇਸ ਅਧੂਰੇ ਪ੍ਰਾਜੈਕਟ ਨੂੰ ਤੁਰੰਤ ਪੂਰਾ ਕਰਵਾਏ। ਸਮਾਜ ਸੇਵੀ ਨੇ ਆਸ ਜਤਾਈ ਕਿ ਇਸ ਵਰੇ ਸਰਕਾਰ ਆਪਣਾ ਵਾਅਦਾ ਨਿਭਾਉਂਦੇ ਹੋਏ ਖੇਡ ਗਰਾਊਂਡ ਦਾ ਕੰਮ ਮੁਕੰਮਲ ਕਰੇਗੀ, ਤਾਂ ਜੋ ਸ਼ਹਿਰ ਦੇ ਨੌਜਵਾਨ ਅਤੇ ਖਿਡਾਰੀ ਜਲਦ ਹੀ ਇਸ ਮੈਦਾਨ ਵਿੱਚ ਖੇਡਣ ਦੀ ਸ਼ੁਰੂਆਤ ਕਰ ਸਕਣ ਅਤੇ ਧਾਰਮਿਕ ਨਗਰੀ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਵੀ ਰੌਸ਼ਨ ਹੋ ਸਕੇ। ਕੀਰਤਪੁਰ ਸਾਹਿਬ ਦੀ ਖੂਬਸੂਰਤੀ ਨੂੰ ਵਧਾਉਂਦੇ ਜੰਗਲ ਹੋਣੇ ਚਾਹੀਦੇ ਸੁਰੱਖਿਅਤ: ਰਜਨੀਸ਼ ਜੋਸ਼ੀ ਕੀਰਤਪੁਰ ਸਾਹਿਬ ਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਿਛਲੇ ਸਾਲ ਦੌਰਾਨ ਹੋਈ ਜੰਗਲਾਂ ਦੀ ਅੰਨ੍ਹੀ ਕਟਾਈ ਨੇ ਵਾਤਾਵਰਣ ਅਤੇ ਇਲਾਕੇ ਦੀ ਕੁਦਰਤੀ ਖੂਬਸੂਰਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸਦੇ ਬਾਵਜੂਦ ਲੋਕਾਂ ਵਿੱਚ ਅਜੇ ਵੀ ਇਹ ਆਸ ਬਣੀ ਹੋਈ ਹੈ ਕਿ 2026 ਵਿੱਚ ਸਰਕਾਰ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਨਾਲ ਨੱਥ ਪਾਏਗੀ ਅਤੇ ਜਿਨ੍ਹਾਂ ਲੋਕਾਂ ਵੱਲੋਂ ਪਿਛਲੇ ਵਰ੍ਹੇ ਦੌਰਾਨ ਜੰਗਲਾਂ ਦੀ ਕਟਾਈ ਕੀਤੀ ਗਈ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਇਲਾਕੇ ਦੇ ਵਸਨੀਕਾਂ ਨੂੰ ਇਹ ਵੀ ਉਮੀਦ ਹੈ ਕਿ ਜੰਗਲਾਤ ਮਹਿਕਮਾ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾਉਂਦਿਆਂ ਨਾ ਸਿਰਫ਼ ਜੰਗਲਾਂ ਦੀ ਰਾਖੀ ਕਰੇਗਾ, ਸਗੋਂ ਮੁੜ ਵਣਰੋਪਣ ਕਰਕੇ ਕੀਰਤਪੁਰ ਸਾਹਿਬ ਦੀ ਕੁਦਰਤੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਠੋਸ ਕਦਮ ਚੁੱਕੇਗਾ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਅਤੇ ਵਿਭਾਗੀ ਅਧਿਕਾਰੀ ਸੰਜੀਦਗੀ ਨਾਲ ਕਾਰਵਾਈ ਕਰਨ, ਤਾਂ ਇਹ ਧਾਰਮਿਕ ਤੇ ਇਤਿਹਾਸਕ ਇਲਾਕਾ ਦੁਬਾਰਾ ਹਰੇ-ਭਰੇ ਜੰਗਲਾਂ ਨਾਲ ਆਪਣੀ ਪਛਾਣ ਕਾਇਮ ਰੱਖ ਸਕਦਾ ਹੈ। ਲੋਕਾਂ ਨੂੰ ਜਲਦ ਮਿਲੇ ਕਮਿਊਨਿਟੀ ਸੈਂਟਰ : ਮਨਿੰਦਰ ਸਿੰਘ ਸਾਹਿਬ ਕੀਰਤਪੁਰ ਸਾਹਿਬ ਨਗਰ ਪੰਚਾਇਤ ਵੱਲੋਂ ਸਾਲ 2019 ਵਿੱਚ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕਮਿਊਨਿਟੀ ਸੈਂਟਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਕਈ ਸਾਲ ਬੀਤ ਜਾਣ ਦੇ ਬਾਵਜੂਦ ਇਹ ਮਹੱਤਵਪੂਰਨ ਪ੍ਰੋਜੈਕਟ ਅਜੇ ਤੱਕ ਅਧੂਰਾ ਪਿਆ ਹੋਇਆ ਹੈ। ਇਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਵਿਆਹ-ਸ਼ਾਦੀਆਂ, ਸਮਾਜਿਕ, ਸਾਂਸਕ੍ਰਿਤਿਕ ਅਤੇ ਲੋਕਹਿਤ ਸਮਾਗਮਾਂ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਸਾਲ 2026 ਦੇ ਆਗਮਨ ਨਾਲ ਸਾਨੂੰ ਪੂਰੀ ਆਸ ਹੈ ਕਿ ਸਰਕਾਰ ਅਤੇ ਸੰਬੰਧਤ ਵਿਭਾਗ ਇਸ ਲੰਬੇ ਸਮੇਂ ਤੋਂ ਲਟਕੇ ਹੋਏ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਗੇ ਅਤੇ ਇਸ ਕਮਿਊਨਿਟੀ ਸੈਂਟਰ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਲੋਕ ਅਰਪਣ ਕੀਤਾ ਜਾਵੇਗਾ। ਜੇਕਰ ਇਹ ਸੈਂਟਰ 2026 ਵਿੱਚ ਲੋਕਾਂ ਨੂੰ ਸਮਰਪਿਤ ਹੁੰਦਾ ਹੈ ਤਾਂ ਇਹ ਕੀਰਤਪੁਰ ਸਾਹਿਬ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਜੋੜੇਗਾ। ਸਾਨੂੰ ਉਮੀਦ ਹੈ ਕਿ ਸਰਕਾਰ ਇਸ ਪ੍ਰੋਜੈਕਟ ਨੂੰ ਪ੍ਰਾਥਮਿਕਤਾ ਦੇ ਕੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਵਾਏਗੀ, ਤਾਂ ਜੋ ਸਾਲਾਂ ਤੋਂ ਉਡੀਕ ਕਰ ਰਹੀ ਜਨਤਾ ਨੂੰ ਇਸ ਦੀ ਸਹੂਲਤ ਮਿਲ ਸਕੇ। ਗੁਰੂ ਨਗਰੀ ’ਚ ਸੀਵਰੇਜ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ : ਹਰਸਿਮਰਨ ਸਿੰਘ ਸਿੰਮਾ ਸਮਾਜ ਸੇਵੀ ਹਰਸਿਮਰਨ ਸਿੰਘ ਸਿਮਾ ਨੇ ਸਰਕਾਰ ਤੋਂ ਆਸ ਜਤਾਈ ਹੈ ਕਿ 2026 ਵਿੱਚ ਗੁਰੂ ਨਗਰੀ ਨੂੰ ਸੀਵਰੇਜ ਪ੍ਰਣਾਲੀ ਨਾਲ ਨਿਵਾਜਿਆ ਜਾਵੇ ਤਾਂ ਜੋ ਸ਼ਹਿਰ ਵਿਚ ਸਫਾਈ ਦੇ ਪ੍ਰਬੰਧ ਵਧੀਆ ਹੋ ਸਕਣ ਉਹਨਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਤਿਆਰ ਕੀਤਾ ਜਾ ਰਿਹਾ ਹੈ, ਇਸ ਦੇ ਪੂਰਾ ਹੋਣ ਉਪਰੰਤ ਜਦੋਂ ਇਹ ਲੋਕ ਅਰਪਣ ਕੀਤਾ ਜਾਵੇਗਾ ਤਾਂ ਇਸ ਦਾ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ, ਸ਼ਹਿਰ ਦੇ ਛੋਟੇ ਜਿਹੇ ਹਿੱਸੇ ਵਿੱਚ ਹੀ ਸੀਵਰੇਜ ਲਾਈਨ ਵਿਛਾਈ ਗਈ ਹੈ, ਜਦਕਿ ਗੁਰੂ ਨਗਰੀ ਦਾ ਜ਼ਿਆਦਾਤਰ ਹਿੱਸਾ ਅਜੇ ਵੀ ਸੀਵਰੇਜ ਸਹੂਲਤ ਤੋਂ ਵਾਂਝਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਆਸ ਜਤਾਈ ਕਿ 2026 ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਜਲਦ ਲੋਕ ਅਰਪਣ ਕੀਤਾ ਜਾਵੇ ਅਤੇ ਪੂਰੇ ਸ਼ਹਿਰ ਵਿੱਚ ਸੀਵਰੇਜ ਪ੍ਰਬੰਧ ਨੂੰ ਵਿਆਪਕ ਤੌਰ ’ਤੇ ਲਾਗੂ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ ਅਤੇ ਗੁਰੂ ਨਗਰੀ ਦੀ ਸਵੱਛਤਾ ਕਾਇਮ ਰਹੇ। ਫੋਟੋ=4 ਐਨਏਜੀ=4,5,6,7,8,9,10 ਕੈਪਸ਼ਨ:ਐਡਵੋਕੇਟ ਵਰਿੰਦਰ ਬੀਰ ਸਿੰਘ, ਹਿਮਾਂਸ਼ੂ ਟੰਡਨ, ਬਲਵੀਰ ਸਿੰਘ ਸ਼ਾਹਪੁਰ ਬੇਲਾ,ਹਰਸ਼ਿਤ ਜੋਸ਼ੀ,ਰਜਨੀਸ਼ ਜੋਸ਼ੀ,ਮਨਿੰਦਰ ਸਿੰਘ ਸਾਹਿਬ,ਹਰਸਿਮਰਨ ਸਿੰਘ ਸਿੰਮਾ,