Ropar News : ਨਹਿਰ 'ਚ ਰੁੜ੍ਹਿਆ ਚਾਰ ਭੈਣਾਂ ਦਾ ਇਕਲੌਤਾ ਭਰਾ, ਗੋਤਾਖੋਰਾਂ ਦੀ ਮਦਦ ਨਾਲ ਭਾਲ ਜਾਰੀ
ਪਿੰਡ ਚਲਾਕੀ ਦਾ ਨੌਜਵਾਨ ਮੋਰਿੰਡਾ ਤੋਂ ਲਗਪਗ ਚਾਰ ਕਿਲੋਮੀਟਰ ਦੂਰ ਭਾਖੜਾ ਨਹਿਰ ਵਿਚ ਰੁੜ੍ਹ ਗਿਆ। ਜਿਵੇਂ ਹੀ ਇਸ ਘਟਨਾ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੂੰ ਲੱਗਾ ਤਾਂ ਉਹ ਤੁਰੰਤ ਪਿੰਡ ਵਾਸੀਆਂ ਅਤੇ ਨੌਜਵਾਨ ਦੇ ਰਿਸ਼ਤੇਦਾਰਾਂ ਸਮੇਤ ਮੌਕੇ ਵਾਲੀ ਥਾਂ ’ਤੇ ਪਹੁੰਚ ਗਏ।
Publish Date: Sun, 11 Jan 2026 07:39 PM (IST)
Updated Date: Sun, 11 Jan 2026 07:41 PM (IST)
ਅਮਰਜੀਤ ਧੀਮਾਨ,ਪੰਜਾਬੀ ਜਾਰਗਣ, ਮੋਰਿੰਡਾ : ਪਿੰਡ ਚਲਾਕੀ ਦਾ ਨੌਜਵਾਨ ਮੋਰਿੰਡਾ ਤੋਂ ਲਗਪਗ ਚਾਰ ਕਿਲੋਮੀਟਰ ਦੂਰ ਭਾਖੜਾ ਨਹਿਰ ਵਿਚ ਰੁੜ੍ਹ ਗਿਆ। ਜਿਵੇਂ ਹੀ ਇਸ ਘਟਨਾ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੂੰ ਲੱਗਾ ਤਾਂ ਉਹ ਤੁਰੰਤ ਪਿੰਡ ਵਾਸੀਆਂ ਅਤੇ ਨੌਜਵਾਨ ਦੇ ਰਿਸ਼ਤੇਦਾਰਾਂ ਸਮੇਤ ਮੌਕੇ ਵਾਲੀ ਥਾਂ ’ਤੇ ਪਹੁੰਚ ਗਏ।
ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਏਐੱਸਆਈ ਅੰਗਰੇਜ਼ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਇਲਾਕਾ ਸੰਘੋਲ ਦਾ ਹੋਣ ਕਾਰਨ ਸੰਘੋਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਿਸ ’ਤੇ ਸੰਘੋਲ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਮਿੰਦਰ ਸਿੰਘ ਨੇ ਟੀਮ ਸਮੇਤ ਪਹੁੰਚ ਕੇ ਮਾਮਲੇ ਦੀ ਜਾਂਚ ਅਤੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏਐੱਸਆਈ ਹਰਮਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਕਮਲਜੋਤ ਸਿੰਘ ਵਾਸੀ ਪਿੰਡ ਚਲਾਕੀ ਮੈਕਸ ਹਸਪਤਾਲ ਮੋਹਾਲੀ ਵਿਖੇ ਦਾਖਲ ਸੀ। ਉਹ ਆਪਣੀ ਮਾਤਾ ਦਲਜੀਤ ਕੌਰ ਨਾਲ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਦੀ ਗੱਲ ਕਰ ਕੇ ਆਪਣੀ ਮਾਤਾ ਸਮੇਤ ਮੁਹਾਲੀ ਤੋਂ ਆ ਗਿਆ।
ਉਨ੍ਹਾਂ ਦੱਸਿਆ ਕਿ ਉਹ ਧਾਰਮਿਕ ਸਥਾਨ ’ਤੇ ਜਾਣ ਦੀ ਥਾਂ ਕਜੌਲੀ ਨਹਿਰ ’ਤੇ ਪਹੁੰਚ ਗਿਆ ਅਤੇ ਨਹਿਰ ਦੇ ਪੁਲ ਤੋਂ ਲਗਪਗ ਇੱਕ ਕਿਲੋਮੀਟਰ ਅੱਗੇ ਉਸ ਨੇ ਕਾਰ ਰੋਕ ਲਈ। ਉਹ ਕਾਰ ’ਚੋਂ ਬਾਹਰ ਆ ਗਿਆ, ਜਦ ਕਿ ਉਸ ਦੀ ਮਾਤਾ ਕਾਰ ਵਿਚ ਹੀ ਬੈਠੀ ਸੀ। ਦਲਜੀਤ ਸਿੰਘ ਚਲਾਕੀ ਅਨੁਸਾਰ ਕਮਲਜੋਤ ਸਿੰਘ ਨੇ ਨਹਿਰ ਵਿਚ ਛਾਲ ਲਾ ਦਿੱਤੀ। ਮੌਕੇ ’ਤੇ ਪਹੁੰਚੇ ਰਿਸ਼ਤੇਦਾਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਦੇਰ ਸ਼ਾਮ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਕਮਲਜੋਤ 4 ਭੈਣਾਂ ਦਾ ਇਕਲੌਤਾ ਭਰਾ ਸੀ।