ਮੋਦੀ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਅੱਜ : ਸਤਨਾਮ ਪੰਨੂੰ
ਗੁਰਦੀਪ ਸਿੰਘ ਕੰਗ ਬਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਪ੍ਰਧਾਨ
Publish Date: Sun, 07 Jun 2026 06:05 PM (IST)
Updated Date: Mon, 08 Jun 2026 04:06 AM (IST)

ਗੁਰਦੀਪ ਸਿੰਘ ਕੰਗ ਬਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਪੰਜਾਬੀ ਜਾਗਰਣ ਟੀਮ, ਮੋਰਿੰਡਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇੱਕ ਅਹਿਮ ਇਕੱਤਰਤਾ ਸਵਰਨ ਸਿੰਘ ਢੰਗਰਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੌਕੇ 12 ਪਿੰਡਾਂ ਦੇ ਕਿਸਾਨ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿਚ ਕਿਰਤੀਆਂ ਨੇ ਹਿੱਸਾ ਲਿਆ। ਇਸ ਮੌਕੇ ਬਲਾਕ ਮੋਰਿੰਡਾ (ਜ਼ੋਨ) ਦੀ ਨਵੀਂ 20 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਪ੍ਰਮੁੱਖ ਅਹੁੱਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਥੇਬੰਦੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਸਾਨਾਂ-ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸਰਬਸੰਮਤੀ ਨਾਲ ਚੁਣੀ ਗਈ 15 ਮੈਂਬਰੀ ਪ੍ਰਮੁੱਖ ਟੀਮ ਵਿਚ ਗੁਰਦੀਪ ਸਿੰਘ ਕੰਗ (ਬੂਰਮਾਜਰਾ) ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਸਵਰਨ ਸਿੰਘ ਢੰਗਰਾਲੀ ਨੂੰ ਸਕੱਤਰ ਅਤੇ ਸਤਨਾਮ ਸਿੰਘ ਸਿੱਧੂ (ਰਿਟਾਇਰਡ ਬੈਂਕ ਮੈਨੇਜਰ) ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਧਨੋਆ, ਮੀਤ ਪ੍ਰਧਾਨ ਅਮਰਜੀਤ ਸਿੰਘ ਨੱਥਮੱਲਪੁਰ, ਮੀਤ ਪ੍ਰਧਾਨ ਲਖਵਿੰਦਰ ਸਿੰਘ ਬਡਵਾਲੀ, ਮੀਤ ਸਕੱਤਰ ਬਲਜਿੰਦਰ ਸਿੰਘ ਦਤਾਰਪੁਰ ਅਤੇ ਗੁਰਿੰਦਰ ਸਿੰਘ ਧਨੋਆ, ਮੀਤ ਖਜ਼ਾਨਚੀ ਨਾਥ ਸਿੰਘ ਨਥਮਲਪੁਰ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਤਾਰਾ ਬਡਵਾਲੀ ਅਤੇ ਜੱਥੇਬੰਦਕ ਮੀਤ ਸਕੱਤਰ ਧਰਮਪਾਲ ਸਿੰਘ ਬੂਰਮਾਜਰਾ, ਮੀਤ ਸਕੱਤਰ (ਸੰਗਠਨ) ਜਸਵਿੰਦਰ ਸਿੰਘ, ਪ੍ਰਚਾਰ ਸਕੱਤਰ ਵੀਰਦਵਿੰਦਰ ਸਿੰਘ ਢੰਗਰਾਲੀ, ਆਈਟੀ ਸੈੱਲ ਇੰਚਾਰਜ ਹਰਕੀਰਤ ਸਿੰਘ ਬੱਲ, ਬਲਜਿੰਦਰ ਸਿੰਘ ਅਕਬਰਪੁਰ (ਰਣਜੀਤਪੁਰਾ) ਰਸੂਲਪੁਰ ਨੂੰ ਚੁਣਿਆ ਗਿਆ ਹੈ। ਇਸ ਦੌਰਾਨ ਸੂਬਾ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਅੱਜ ਦੇਸ਼ ਅਤੇ ਪੰਜਾਬ ਉੱਤੇ 5 ਤੋਂ 7 ਫੀਸਦੀ ਕਾਰਪੋਰੇਟ ਘਰਾਣੇ ਅਤੇ ਰਾਜਨੀਤਕ ਲੋਕ ਕਾਬਜ਼ ਹਨ, ਜੋ 93 ਫੀਸਦੀ ਗਰੀਬ, ਕਿਸਾਨ ਅਤੇ ਮਜ਼ਦੂਰ ਵਰਗ ਦਾ ਗਲਾ ਘੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦੇ ਨਾਂ ’ਤੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਗਿਆ ਅਤੇ ਕਿਸਾਨੀ ਨੂੰ ਕਰਜ਼ੇ ਦੀ ਦਲਦਲ ਵਿਚ ਧੱਕ ਕੇ ਖੁਦਕੁਸ਼ੀਆਂ ਦੇ ਰਾਹ ਪਾਇਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ 8 ਜੂਨ ਨੂੰ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਜਾਵੇਗਾ ਅਤੇ ਪਿੰਡ-ਪਿੰਡ ਸਮਾਰਟ ਮੀਟਰ ਲਗਾਉਣ ਦੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬੀਤੇ ਦਿਨ ਪਟਿਆਲਾ ਵਿਖੇ ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ 2600 ਬੇਰੁਜ਼ਗਾਰ ਨੌਜਵਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਰੁਜ਼ਗਾਰ ਮੰਗਦੇ ਨੌਜਵਾਨਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ’ਤੇ ਦਬਾਇਆ ਨਹੀਂ ਜਾ ਸਕਦਾ। ਜਥੇਬੰਦੀ ਨੇ ਮੰਗ ਕੀਤੀ ਕਿ ਹਿਰਾਸਤ ਵਿਚ ਲਏ ਗਏ ਸਾਰੇ ਬੇਰੁਜ਼ਗਾਰ ਆਗੂਆਂ ਅਤੇ ਨੌਜਵਾਨਾਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਨਵੀਂ ਚੁਣੀ ਗਈ ਕਮੇਟੀ ਜੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣਗੇ।