ਅਧਿਕਾਰੀਆਂ ਦੀ ਨਾਕਾਮੀ ਦਾ ਖਮਿਆਜ਼ਾ ਭੁਗਤ ਰਹੇ ਮੋਰਿੰਡਾ ਵਾਸੀ
ਅਧਿਕਾਰੀਆਂ ਦੀ ਨਾਕਾਮੀ ਦਾ ਖਮਿਆਜ਼ਾ ਭੁਗਤ ਰਹੇ ਮੋਰਿੰਡਾ ਵਾਸੀ
Publish Date: Sun, 07 Jun 2026 05:12 PM (IST)
Updated Date: Mon, 08 Jun 2026 04:05 AM (IST)

ਸੀਵਰੇਜ ਓਵਰਫਲੋਅ ਤੇ ਕੂੜੇ ਦੇ ਡੰਪਾਂ ਕਾਰਨ ਨਰਕ ਬਣੀ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਅਤੇ ਲਾਪਰਵਾਹੀ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਕੂੜਾ ਪ੍ਰਬੰਧਨ ਦੇ ਇਲਾਵਾ ਵਿਕਰਾਲ ਧਾਰ ਚੁੱਕੀ ਸੀਵਰੇਜ ਦੀ ਸਮੱਸਿਆ ਦਾ ਹੱਲ੍ਹ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੇ ਹਨ। ਇਸ ਦੇ ਕਾਰਨ ਸ਼ਹਿਰ ਵਾਸੀਆਂ ਵਿਚ ਪ੍ਰਸ਼ਾਸਨ ਦੇ ਇਸ ਅੜੀਅਲ ਅਤੇ ਗੈਰ-ਜ਼ਿੰਮੇਵਾਰਾਨਾ ਵਤੀਰੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨਿਕ ਨਾਕਾਮੀ ਕਾਰਨ ਸ਼ਹਿਰ ਵਾਸੀਆਂ ’ਚ ਨਿਰਾਸ਼ਾ : ਪ੍ਰਸ਼ਾਸਨਿਕ ਨਾਕਾਮੀ ਕਾਰਨ ਸ਼ਹਿਰ ਵਾਸੀ ਇਸ ਕਦਰ ਨਿਰਾਸ਼ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਜਿਤਾ ਕੇ ਮੌਜੂਦਾ ਸਿਸਟਮ ਪ੍ਰਤੀ ਆਪਣਾ ਤਿੱਖਾ ਰੋਸ ਪ੍ਰਗਟਾਇਆ ਹੈ। ਬੇਸ਼ੱਕ ਕੌਂਸਲਰਾਂ ਦੀ ਚੋਣ ਹੋ ਚੁੱਕੀ ਹੈ, ਪ੍ਰੰਤੂ ਅਧਿਕਾਰਕ ਤੌਰ ’ਤੇ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਹਾਲੇ ਨਵੇਂ ਕੌਂਸਲਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਨਹੀਂ ਹਨ। ਇਸ ਦੇ ਬਾਵਜੂਦ, ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਨਵੇਂ ਚੁਣੇ ਕੌਂਸਲਰਾਂ ਨੇ ਜਨਤਾ ਦੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਸਥਾਨਕ ਰਾਮ ਬਾਗ ਰੋਡ ’ਤੇ ਸੀਵਰੇਜ ਦੀ ਭਿਆਨਕ ਸਥਿਤੀ ਨੂੰ ਲੈ ਕੇ ਮੌਜੂਦਾ ਕੌਂਸਲਰ ਜਗਪਾਲ ਸਿੰਘ ਜੌਲੀ ਅਤੇ ਉਨ੍ਹਾਂ ਦੇ ਸਾਥੀਆਂ ਜਗਵਿੰਦਰ ਸਿੰਘ ਪੰਮੀ (ਸਾਬਕਾ ਕੌਂਸਲਰ), ਪਰਮਿੰਦਰ ਸਿੰਘ ਬਿੱਟੂ ਕੰਗ (ਸਮਾਜ ਸੇਵੀ ਅਤੇ ਯੂਥ ਆਗੂ), ਜਗਰਾਜ ਸਿੰਘ ਮਾਨਖੇੜੀ (ਐੱਨਆਰਆਈ), ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰ, ਸਰਪੰਚ ਦਵਿੰਦਰ ਸਿੰਘ ਮਝੈਲ, ਅਰਵਿੰਦਰ ਸਿੰਘ ਰੰਗੀ ਸਾਬਕਾ ਚੇਅਰਮੈਨ, ਯੂਥ ਆਗੂ ਲੱਖੀ ਸ਼ਾਹ, ਪ੍ਰਧਾਨ, ਕੈਮਿਸਟ ਐਸੋਸੀਏਸ਼ਨ ਮੋਰਿੰਡਾ, ਭਾਜਪਾ ਆਗੂ ਜਤਿੰਦਰ ਗੁੰਬਰ ਆਦਿ ਆਗੂਆਂ ਵੱਲੋਂ ਸ਼ਹਿਰ ਦੀ ਰਾਮ ਬਾਗ ਰੋਡ ਤੇ ਸਾਲਾਂ ਤੋਂ ਚੱਲੀ ਆ ਰਹੀ ਸੀਵਰੇਜ ਦੀ ਸਮੱਸਿਆ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ ਗਿਆ। ਉਨ੍ਹਾਂ ਨੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਘੇਰਦਿਆਂ, ਓਵਰਫਲੋਅ ਹੋ ਰਹੇ ਗੰਦੇ ਪਾਣੀ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਤੁਰੰਤ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਉਪਰੋਕਤ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਸੀਵਰੇਜ ਦੇ ਗੰਦੇ ਪਾਣੀ ਅਤੇ ਕੂੜੇ ਕਾਰਨ ਫੈਲੀ ਗੰਦਗੀ ਸਦਕਾ ਮੱਛਰਾਂ ਦੀ ਭਰਮਾਰ ਹੋ ਚੁੱਕੀ ਹੈ, ਜਿਸ ਨਾਲ ਸ਼ਹਿਰ ਵਿਚ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਨਗਰ ਕੌਂਸਲ ਦੀ ਹੋਂਦ ’ਤੇ ਸਵਾਲ ਉਕਤ ਆਗੂਆ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿਚ ਨਗਰ ਕੌਂਸਲ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ), ਐੱਸਡੀਓ ਤੇ ਸੈਨੇਟਰੀ ਇੰਸਪੈਕਟਰ ਸਮੇਤ ਹੋਰ ਸਬੰਧਿਤ ਅਧਿਕਾਰੀ ਜਨਤਾ ਦੀਆਂ ਤਕਲੀਫ਼ਾਂ ਪ੍ਰਤੀ ਬਿਲਕੁਲ ਸੰਜੀਦਾ ਨਹੀ ਹਨ, ਸਗੋਂ ਲੰਮੀਆਂ ਤਾਣ ਕੇ ਸੁੱਤੇ ਪਏ ਦਿਖਾਈ ਦੇ ਰਹੇ ਹਨ। ਇਸ ਕਾਰਨ 35 ਹਜ਼ਾਰ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸ਼ਹਿਰ ਵਿਚ ਫੈਲੀ ਗੰਦਗੀ ਕਾਰਨ ਕਿਸੇ ਸਮੇਂ ਵੀ ਗੰਭੀਰ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਨਾਕਾਮ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਉਪਰੋਕਤ ਆਗੂਆਂ ਤੇ ਹੋਰਨਾਂ ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਅਜਿਹੇ ਅਧਿਕਾਰੀ ਜੇਕਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ, ਤਾਂ ਅਜਿਹੇ ਗ਼ੈਰ-ਜ਼ਿੰਮੇਵਾਰ ਅਧਿਕਾਰੀਆਂ ਦੀਆਂ ਪੋਸਟਾਂ ਨੂੰ ਤੁਰੰਤ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੇ ਸ਼ਕਤੀਆਂ ਹੇਠਲੇ ਪੱਧਰ ਦੇ ਛੋਟੇ ਅਧਿਕਾਰੀਆਂ ਜਾਂ ਮੁਲਾਜ਼ਮਾਂ ਨੂੰ ਸੌਂਪੀਆਂ ਜਾਣ। ਆਗੂਆਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਛੋਟੇ ਮੁਲਾਜ਼ਮ ਸਥਾਨਕ ਪੱਧਰ ’ਤੇ ਹਾਜ਼ਰ ਰਹਿ ਕੇ ਸਾਫ਼-ਸਫ਼ਾਈ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾ ਸਕਣਗੇ, ਉੱਥੇ ਹੀ ਨਗਰ ਕੌਂਸਲ ਦੇ ਸਿਰ ਤੋਂ ਲੱਖਾਂ ਰੁਪਏ ਦੀਆਂ ਮੋਟੀਆਂ ਤਨਖਾਹਾਂ ਲੈਣ ਵਾਲੇ ਨਾਕਾਮ ਅਧਿਕਾਰੀਆਂ ਦਾ ਬੋਝ ਖ਼ਤਮ ਹੋਵੇਗਾ, ਜਿਸ ਨਾਲ ਲੋਕਾਂ. ਦੇ ਪੈਸੇ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਬੰਧਿਤ ਉੱਚ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਕੌਸਲ ਦੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਮੋਰਿੰਡਾ ਦੇ ਨਿਵਾਸੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਜਲਦ ਤੋਂ ਜਲਦ ਨਿਜਾਤ ਦਿਵਾਈ ਜਾਵੇ।