ਰੇਲਗੱਡੀ ’ਚੋਂ 34 ਕਿਲੋਗ੍ਰਾਮ ਤੋਂ ਵੱਧ ਭੁੱਕੀ ਬਰਾਮਦ
ਰੇਲਗੱਡੀ ’ਚ ਪਈ ਲਵਾਰਿਸ ਅਟੈਚੀ ਬੈਗ ’ਚੋਂ ਮਿਲੀ 34 ਕਿਲੋਗ੍ਰਾਮ ਤੋਂ ਵੱਧ ਭੁੱਕੀ
Publish Date: Sat, 18 Apr 2026 05:41 PM (IST)
Updated Date: Sun, 19 Apr 2026 04:07 AM (IST)

ਜੀਆਰਪੀ ਰੂਪਨਗਰ ਵੱਲੋਂ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ : ਗਵਰਨਮੈਂਟ ਰੇਲਵੇ ਪੁਲਿਸ (ਜੀਆਰਪੀ) ਰੂਪਨਗਰ ਦੀ ਇੱਕ ਟੀਮ ਵੱਲੋਂ ਇੱਕ ਐਕਸਪ੍ਰੈਸ ਰੇਲਗੱਡੀ ਵਿਚੋਂ ਇੱਕ ਲਵਾਰਿਸ ਅਟੈਚੀ ਟ੍ਰਾਲੀ ਬੈਗ ਵਿਚੋਂ 34 ਕਿਲੋਗ੍ਰਾਮ ਤੋਂ ਵੱਧ ਭੁੱਕੀ ਬਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਆਰਪੀ ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਰਾਣਾ ਨੇ ਦੱਸਿਆ ਕਿ ਨੰਦੇੜ ਸਾਹਿਬ ਤੋਂ ਚੰਡੀਗੜ੍ਹ-ਰੂਪਨਗਰ-ਸ੍ਰੀ ਆਨੰਦਪੁਰ ਸਾਹਿਬ ਰਾਹੀਂ ਨੰਗਲ ਡੈਮ ਜਾਣ ਵਾਲੀ ਰੇਲਗੱਡੀ ਨੰਬਰ:22709 ਨਾਲ ਯਾਤਰਾ ਕਰ ਰਹੇ ਸਟਾਫ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਰੇਲਗੱਡੀ ਦੇ ਪਹਿਲੇ ਦਰਜੇ ਦੇ ਕੋਚ ਐੱਚ-1 ਵਿਚ ਇੱਕ ਟਰਾਲੀ ਵਾਲਾ ਅਟੈਚੀ ਬੈਗ ਪਿਆ ਹੈ ਜੋ ਕਿ ਸ਼ੱਕੀ ਅਤੇ ਲਾਵਾਰਿਸ ਜਾਪਦਾ ਸੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਉਪਰੰਤ ਉਹ ਤੁਰੰਤ ਏਐੱਸਆਈ ਜਗਜੀਤ ਸਿੰਘ ਅਤੇ ਐੱਚਸੀ ਸਿਧਾਰਥ ਦੇ ਨਾਲ ਰੂਪਨਗਰ ਰੇਲਵੇ ਸਟੇਸ਼ਨ ਵਿਖੇ ਰੇਲਗੱਡੀ ਦੇ ਆਉਣ ਦੀ ਉਡੀਕ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਰੇਲਗੱਡੀ ਆਈ ਤਾਂ ਉਹ ਅਤੇ ਉਨ੍ਹਾਂ ਦੀ ਟੀਮ ਨੇ ਰੇਲਗੱਡੀ ਵਿਚ ਚੜ੍ਹ ਕੇ ਲਵਾਰਿਸ ਪਏ ਅਟੈਚੀ ਬੈਗ ’ਤੇ ਨਜ਼ਰ ਰੱਖਦੇ ਹੋਏ ਯਾਤਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਰੇਲਗੱਡੀ ਨੰਗਲ ਡੈਮ ਪਹੁੰਚ ਗਈ ਪ੍ਰੰਤੂ ਇਸ ਕੀਮਤੀ ਅਟੈਚੀ ਬੈਗ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਦੱਸਿਆ ਕਿ ਜਦੋਂ ਨੰਗਲ ਡੈਮ ਵਿਖੇ ਪੂਰੀ ਰੇਲਗੱਡੀ ਖਾਲੀ ਹੋ ਗਈ ਤੇ ਲਵਾਰਿਸ ਅਟੈਚੀ ਬੈਗ ਲੈਣ ਕੋ ਨਹੀਂ ਆਇਆ ਤਾਂ ਇਸ ਨੂੰ ਜ਼ਬਤ ਕਰ ਕੇ ਪਹਿਲਾਂ ਮੈਟਲ ਡਿਟੈਕਟਰ ਰਾਹੀਂ ਇਸ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਟੀਮ ਨੂੰ ਅਟੈਚੀ ਬੈਗ ਬ੍ਰੀਫਕੇਸ ਵਿਚ ਕੋਈ ਲਾਸ਼ ਹੋਣ ਬਾਰੇ ਸ਼ੱਕ ਹੋਇਆ ਕਿਉਂਕਿ ਇਹ ਕਾਫੀ ਭਾਰੀ ਤੇ ਵੱਡਾ ਸੀ। ਉਨ੍ਹਾਂ ਦੱਸਿਆ ਕਿ ਇਸ ਸ਼ੱਕ ਦੇ ਆਧਾਰ ’ਤੇ ਅਟੈਚੀ ਬੈਗ ਖੋਲ੍ਹਿਆ ਗਿਆ ਤਾਂ ਦੇਖ ਕੇ ਹੈਰਾਨੀ ਹੋਈ ਕਿ ਇਹ ਮਹਿੰਗਾ ਅਟੈਚੀ ਬੈਗ ਭੁੱਕੀ (ਚੂਰਾ-ਪੋਸਤ) ਦੇ ਨਾਲ ਭਰਿਆ ਹੋਇਆ ਸੀ ਜੋ ਕਿ ਲਗਭਗ 34 ਕਿੱਲੋ, 900 ਗ੍ਰਾਮ ਸੀ। ਉਨ੍ਹਾਂ ਕਿਹਾ ਕਿ ਇੱਕ ਅਣਪਛਾਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।