ਰੂਪਨਗਰ ਨੂੰ ਘਾੜ ਇਲਾਕੇ ਦੇ ਪਿੰਡਾਂ ਨਾਲ ਜੋੜਨ ਵਾਲੇ ਪੁੱਲ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
ਰੂਪਨਗਰ ਨੂੰ ਘਾੜ ਇਲਾਕੇ ਦੇ ਪਿੰਡਾਂ ਨਾਲ ਜੋੜਨ ਵਾਲੇ ਪੁੱਲ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
Publish Date: Sun, 12 Apr 2026 07:17 PM (IST)
Updated Date: Mon, 13 Apr 2026 04:16 AM (IST)

ਘਾੜ ਇਲਾਕੇ ਦੇ ਵਿਕਾਸ ਕਾਰਜਾਂ ਵੱਲ ਕਿਸੇ ਵੀ ਹੁਕਰਾਨ ਨੇ ਵਿਸ਼ੇਸ਼ ਧਿਆਨ ਨਹੀਂ ਦਿੱਤਾ : ਚੱਢਾ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕਰੀਬ 10 ਕਰੋੜ ਦੀ ਲਾਗਤ ਨਾਲ ਭਾਖੜਾ ਨਹਿਰ ਮੇਨ ਲਾਇਨ ‘ਤੇ ਰੂਪਨਗਰ ਨੂੰ ਘਾੜ ਇਲਾਕੇ ਨਾਲ ਜੋੜਨ ਵਾਲੇ ਸਿੰਗਲ ਸਪੇਨ ਸਟੀਲ ਪੁਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਲੋਕ ਨਿਮਾਣ ਵਿਭਾਗ ਦੇ ਅਧਿਕਾਰੀਆ ਅਨਸਾਰ ਸਟੀਲ ਪੁਲ ਦੇ ਆਧੂਨਿਕ ਢਾਚੇਂ ਨੂੰ ਨਹਿਰ ‘ਤੇ ਟਿਕਾ ਦਿੱਤਾ ਗਿਆ ਹੈ ਹੁਣ ਅਗਲੇ ਪੜਾਅ ਦਾ ਕੰਮ ਚੱਲ ਰਿਹਾ ਹੈ। ਜਾਣਕਾਰੀ ਅਨਸਾਰ ਬੀਐਸ ਬਿਲਡਰਜ਼ ਵੱਲੋਂ ਬੀਬੀਐਮਬੀ ਦੇ ਪੁਲ ਤੋਂ ਹੇਠਾ ਵੱਲ ਪੰਜਾਹ ਮੀਟਰ ਦੀ ਦੂਰੀ ਤੇ ਸਟੀਲ ਪੁਲ 10 ਕਰੌੜ ਰੁਪਏ ਦੀ ਲਾਗਤ ਨਾਲ 58 ਮੀਟਰ ਲੰਬਾ ਤੇ 10 ਮੀਟਰ ਚੌੜਾਈ ਵਾਲਾ ਸਿੰਗਲ ਸਪੇਨ ਸਟੀਲ ਪੁਲ ਬਣ ਰਿਹਾ ਹੈ। ਦੱਸਣਯੋਗ ਹੈ ਕਿ ਭਾਖੜਾ ਮੇਨ ਲਾਇਨ ‘ਤੇ ਪਹਿਲਾ 12 ਫੁੱਟ ਚੋੜਾ ਪੁਲ ਸੀ ਜੋ ਕਰੀਬ ਸਾਢੇ 7 ਦਹਾਕੇ ਪੁਰਾਣਾ ਬਣਿਆ ਹੋਇਆ ਸੀ ਜਿਸ ਦੀ ਹਾਲਤ ਖਸਤਾ ਹੋਣ ਕਰਕੇ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਸੀ ਹੁਣ ਨਵੇ ਪੁਲ ਦੀ ਉਸਾਰੀ ਹੋਣ ‘ਤੇ ਗੋਬਿੰਦ ਵੈਲੀ ਤੇ ਘਾੜ ਇਲਾਕੇ ਦੇ ਲੋਕਾਂ ਨੂੰ ਨਵੀ ਜੀਵਨ ਰੇਖਾ ਮਿਲੇਗੀ। ਵਿਧਾਇਕ ਦਿਨੇਸ਼ ਚੱਢਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਰੂਪਨਗਰ ਵਿਧਾਨ ਸਭਾ ਹਲਕੇ ਤੇ ਘਾੜ ਇਲਾਕੇ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੁੱਲ ਨੂੰ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਸੀ ਕਿਉੰਕਿ ਰੋਪੜ ਸ਼ਹਿਰ ਦਾ ਕੁਝ ਹਿੱਸਾ ਇਸ ਪੁੱਲ ਤੋਂ ਪਾਰ ਹੈ ਅਤੇ ਨਾਲ ਹੀ ਇਹ ਪੁੱਲ ਘਾੜ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਵੀ ਰੋਪੜ ਨਾਲ ਜੋੜਦਾ ਹੈ। ਇਲਾਕੇ ਦੇ ਆਗੂ ਲੈਕਚਰਾਰ ਇੰਦਰਜੀਤ ਸਿੰਘ ਬਾਲਾ ਨੇ ਕਿਹਾਕਿ ਇਸ ਪੁਲ ਦੇ ਬਨਣ ਨਾਲ ਇਲਾਕੇ ਦੇ ਵਿਕਾਸ ਨੂੰ ਨਵੀ ਰੂਹ ਮਿਲੇਗੀ ਅਤੇ ਇਲਾਕੇ ਵਿਚ ਵਿਕਾਸ ਦੇ ਹੋਰ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾਕਿ ਜਿਸ ਇਲਾਕੇ ਦੇ ਪੁਲ ਤੇ ਸੜਕਾਂ ਦਾ ਸ਼ਹਿਰ ਨਾਲ ਸਿੱਧਾ ਸਪੰਰਕ ਬਣ ਜਾਵੇ ਤਾਂ ਸਰਬਪੱਖੀ ਵਿਕਾਸ ਹੋਣ ਸੁਭਾਵਿਕ ਬਣ ਜਾਂਦਾ ਹੈ। ਉਨ੍ਹਾਂ ਕਿਹਾਕਿ ਘਾੜ ਇਲਾਕੇ ਦੇ ਕੁਦਰਤੀ ਸੁਹੱਪਣ ਦਾ ਅਨੰਦ ਲੈਣ ਲਈ ਦੂਰ ਦੁਰਾਂਡੇ ਤੋਂ ਸੈਲਾਨੀ ਇਸ ਰਸਤੇ ਤੋਂ ਸ਼ਿਵਾਲਿਕ ਦੀ ਪਹਾੜੀ ਦੀ ਗੋਂਦ ਵਿਚ ਵਸੇ ਪਿੰਡਾਂ ਤੇ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਜਾਂਦੇ ਹਨ। ਉੱਧਰ ਲੋਕ ਨਿਰਮਾਣ ਵਿਭਾਗ ਦੇ ਜੇਈ ਬਲਜੀਤ ਸਿੰਘ ਨੇ ਦੱਸਿਆ ਕਿ ਸਿੰਗਲ ਸਪੇਨ ਸਟੀਲ ਪੁਲ ਨੂੰ ਲਗਾਉਣ ਲਈ ਕੰਪਨੀ ਵੱਲੋਂ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਪੁਲ ਦਾ ਢਾਚਾਂ ਨਹਿਰ ‘ਤੇ ਰੱਖ ਦਿੱਤਾ ਗਿਆ ਹੈ ਹੁਣ ਅਗਲੇ ਪੜਾਅ ਦਾ ਕੰਮ ਸ਼ੁਰੂ ਹੈ। ਉਨ੍ਹਾਂ ਦੱਸਿਆ ਕਿ ਪੁਲ ਨੂੰ ਜੋੜਣ ਵਾਲੀਆ ਅਪਰੋਚਾ ਨੂੰ ਬੜੀ ਮਜਬੂਤੀ ਨਾਲ ਤਿਆਰ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਪੁਲ ਦਾ ਕੰਮ ਸਮਾਂ ਹੱਦ ਵਿਚ ਪੂਰਾ ਕੀਤਾ ਜਾਵੇਗਾ।