ਇਟਲੀ ਭੇਜਣ ਦੇ ਨਾਂ ’ਤੇ 8 ਲੱਖ ਦੀ ਧੋਖਾਦੇਹੀ, ਮਾਮਲਾ ਦਰਜ
ਸਕਾਈਲੈਂਡ ਵੀਜ਼ਾ ਇਮੀਗ੍ਰੇਸ਼ਨ ਦੇ ਮਾਲਕ ਖਿਲਾਫ 8 ਲੱਖ ਦੀ ਧੋਖਾਦੇਹੀ ਦਾ ਮਾਮਲਾ ਦਰਜ
Publish Date: Sun, 12 Apr 2026 06:13 PM (IST)
Updated Date: Mon, 13 Apr 2026 04:13 AM (IST)

ਰਾਜਵੀਰ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਪ੍ਰੀਤ ਕੌਰ ਪਤਨੀ ਮਨਜੋਤ ਸਿੰਘ ਵਾਸੀ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਨੇ ਐੱਸਐੱਸਪੀ ਰੂਪਨਗਰ ਨੂੰ ਨਵੰਬਰ 2025 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਤੀ ਮਨਜੋਤ ਸਿੰਘ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸਕਾਈ ਲੈਂਡ ਵੀਜ਼ਾ ਇਮੀਗ੍ਰੇਸ਼ਨ ਦੇ ਮਾਲਕ ਮਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਨਿਵਾਸੀ ਪਿੰਡ ਸੰਘਲ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਖੇ 8 ਲੱਖ ਰੁਪਏ ਵਿਚ ਇਟਲੀ ਭੇਜਣ ਦਾ ਵਾਅਦਾ ਕੀਤਾ ਸੀ। ਇਸ ਦੇ ਇਲਾਵਾ ਮਨਪ੍ਰੀਤ ਸਿੰਘ ਨੇ ਇਟਲੀ ਨਾ ਭੇਜੇ ਸਕਣ ਦੀ ਸੂਰਤ ਵਿਚ ਸਾਰੇ ਪੈਸੇ ਵਾਪਸ ਕਰਨ ਦਾ ਵੀ ਭਰੋਸਾ ਦਿੱਤਾ ਸੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੇ ਉਪਰੰਤ ਉਨ੍ਹਾਂ ਵੱਲੋਂ ਉਕਤ ਟ੍ਰੈਵਲ ਏਜੰਟ ਨੂੰ 5 ਜੁਲਾਈ, 2023 ਤੋਂ 31 ਜਨਵਰੀ, 2024 ਦੌਰਾਨ ਸਕਾਈਲੈਂਡ ਵੀਜ਼ਾ ਇਮੀਗ੍ਰੇਸ਼ ਦੇ ਸ੍ਰੀ ਚਮਕੌਰ ਸਾਹਿਬ ਵਿਖੇ ਐਕਸਿਸ ਬੈਂਕ ਦੇ ਖਾਤੇ ਵਿਚ 8 ਲੱਖ, 4 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਕਤ ਏਜੰਟ ਵੱਲੋਂ ਨਾ ਤਾਂ ਮਨਜੋਤ ਸਿੰਘ ਨੂੰ ਇਟਲੀ ਭੇਜਿਆ ਗਿਆ ਤੇ ਨਾ ਹੀ ਉਸ ਦਾ ਪਾਸਪੋਰਟ ਤੇ ਉਸਦੇ ਪੈਸੇ ਵਾਪਸ ਕੀਤੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਏਜੰਟ ਵੱਲੋਂ 8 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੀ ਜੋ ਕਿ ਬੈਂਕ ਵਿਚ ਬਾਊਂਸ ਹੋ ਗਿਆ। ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਮਨਜੀਤ ਸਿੰਘ ਔਲਖ ਵੱਲੋਂ ਕੀਤੇ ਜਾਣ ਉਪਰੰਤ ਟਰੈਵਲ ਏਜੰਟ ਮਨਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।