ਸੀਵਰੇਜ ਦਾ ਗੰਦਾ ਪਾਣੀ ਸ਼ਰਧਾਲੂਆਂ ਲਈ ਬਣ ਰਿਹਾ ਮੁਸੀਬਤ
ਪੁਰਾਣਾ ਬਸੀ ਰੋਡ ’ਤੇ ਸੜਕ ਵਿਚਕਾਰ ਵਗਦੇ ਗੰਦੇ ਪਾਣੀ ਤੋਂ ਲੋਕ ਪਰੇਸ਼ਾਨ
Publish Date: Sun, 12 Apr 2026 05:40 PM (IST)
Updated Date: Mon, 13 Apr 2026 04:08 AM (IST)

ਪੁਰਾਣਾ ਬੱਸੀ ਰੋਡ ’ਤੇ ਸੜਕ ਵਿਚਕਾਰ ਵਗਦੇ ਗੰਦੇ ਪਾਣੀ ਤੋਂ ਲੋਕ ਪਰੇਸ਼ਾਨ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਦੀ ਸਮੱਸਿਆ ਨੂੰ ਲੈ ਕੇ ਜਿੱਥੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਉੱਠ ਰਹੇ ਹਨ, ਉੱਥੇ ਹੀ ਨਗਰ ਕੌਂਸਲ ਦੇ ਕਥਿਤ ਕੁਪ੍ਰਬੰਧਾਂ ਤੇ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਸੀਵਰੇਜ ਦਾ ਗੰਦਾ ਪਾਣੀ ਵੀ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਮੋਰਿੰਡਾ ਸ਼ਹਿਰ ਦੇ ਇਤਿਹਾਸਿਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਵੀ ਸੀਵਰੇਜ ਦੇ ਗੰਦੇ ਪਾਣੀ ਤੋਂ ਪੈਦਾ ਹੋ ਰਹੀ ਦਿੱਕਤ ਤੋਂ ਨਹੀਂ ਬੱਚ ਰਹੀ।ਦੱਸਣਯੋਗ ਹੈ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਸੁਸ਼ੋਭਿਤ ਮੋਰਿੰਡਾ ਦੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਵਿਖੇ ਦੇਸ਼ ਅਤੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤ ਮੱਥਾ ਟੇਕਣ ਲਈ ਸੈਂਕੜੇ ਦੀ ਗਿਣਤੀ ਵਿਚ ਪਹੁੰਚਦੀਆਂ ਹਨ। ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਦੇ ਸਾਹਮਣੇ ਲੱਗਭੱਗ ਹਰ ਦੂਸਰੇ ਚੌਥੇ ਦਿਨ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ’ਤੇ ਆਮ ਵਗਦਾ ਰਹਿੰਦਾ ਹੈ, ਜੋ ਸੰਗਤ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਯੂਥ ਆਗੂ ਲੱਖੀ ਸ਼ਾਹ, ਮਜੀਦ ਮੋਨੂ ਖਾਨ, ਤੇਜਿੰਦਰ ਕੁਮਾਰ ਬਿੱਟੂ, ਤਰਸੇਮ ਕੁਮਾਰ, ਮਨਮੋਹਨ ਕੁਮਾਰ, ਗੋਲਡੀ ਪੁਰੀ, ਸੰਜੀਵ ਕੁਮਾਰ ਅਤੇ ਦਰਜਨਾਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪੁਰਾਣਾ ਬੱਸੀ ਰੋਡ ’ਤੇ ਸਥਿਤ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਦੇ ਬਾਹਰ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ’ਤੇ ਫੈਲਿਆ ਰਹਿੰਦਾ ਹੈ ਜੋ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਹਰ ਐਤਵਾਰ ਸੈਂਕੜੇ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੜਕਾਂ ਤੰਗ ਹੋਣ ਅਤੇ ਟਰੈਫਿਕ ਦੀ ਸਮੱਸਿਆ ਕਾਰਨ ਸੰਗਤ ਆਪਣੀਆਂ ਬੱਸਾਂ, ਕਾਰਾਂ ਤੇ ਟਰਾਲੀਆਂ ਆਦਿ ਪਿੱਛੇ ਹੀ ਖੜਾ ਕਰਕੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪੈਦਲ ਹੀ ਜਾਂਦੀ ਹੈ ਪ੍ਰੰਤੂ ਇਸ ਸੰਗਤ ਨੂੰ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਹੋ ਕੇ ਗੁਜਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚਦੀ ਹੈ। ਇਸੇ ਤਰ੍ਹਾਂ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਵਿਖੇ ਸ਼ਹਿਰ ਤੇ ਬਾਹਰ ਤੋਂ ਨਤਮਸਤਕ ਹੋਣ ਆਉਣ ਵਾਲੀ ਸੰਗਤ ਲਈ ਵੀ ਗੰਦੇ ਪਾਣੀ ਦੀ ਸਮੱਸਿਆ ਤੋਂ ਭਾਰੀ ਪਰੇਸ਼ਾਨੀ ਪੈਦਾ ਕਰਦੀ ਹੈ। ਇਸ ਦੇ ਇਲਾਵਾ ਨੇੜੇ ਹੀ ਸਥਿਤ ਗੁੱਗਾ ਮੈੜੀ ਵਿਖੇ ਵੀ ਰੋਜ਼ਾਨਾ ਆਉਣ ਵਾਲੀ ਸੰਗਤ ਵੀ ਗੰਦੇ ਪਾਣੀ ਵਿੱਚੋਂ ਨਿਕਲਣ ਲਈ ਮਜ਼ਬੂਰ ਹੁੰਦੀ ਹੈ। ਨਗਰ ਕੌਂਸਲ ਦੇ ਅਧਿਕਾਰੀ ਸਾਲਾਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਨੂੰ ਹੱਲ੍ਹ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਬਾਰ ਬਾਰ ਕਹਿਣ ’ਤੇ ਵੀ ਉਨ੍ਹਾਂ ਦੇ ਕੰਨ ਜੂੰ ਤੱਕ ਨਹੀਂ ਸਰਕਦੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇਹ ਗੰਭੀਰ ਸਮੱਸਿਆ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਅਧਿਕਾਰੀ ਸ਼ਹਿਰ ਦੀਆਂ ਸਮੱਸਿਆਵਾਂ ਹੱਲ੍ਹ ਕਰਨ ਦੇ ਸਮਰੱਥ ਹੀ ਨਹੀਂ ਹਨ, ਤਾਂ ਇਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ, ਤਾਂ ਜੋ ਘੱਟੋ ਘੱਟ ਨਗਰ ਕੌਂਸਲ ਨੂੰ ਪੈ ਰਹੇ ਆਰਥਿਕ ਬੋਝ ਤੋਂ ਹੀ ਕੁਝ ਰਾਹਤ ਮਿਲ ਸਕੇ।