ਗੱਡੀ ਦੀ ਲਪੇਟ ’ਚ ਆਉਣ ਕਾਰਨ ਬਾਈਕ ਚਾਲਕ ਦੀ ਮੌਤ
ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
Publish Date: Sun, 12 Apr 2026 03:36 PM (IST)
Updated Date: Mon, 13 Apr 2026 04:01 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ-ਸ੍ਰੀ ਫਤਿਹਗੜ੍ਹ ਸਾਹਿਬ ਰੋਡ ’ਤੇ ਸਥਿਤ ਪਿੰਡ ਸੱਖੋਮਾਜਰਾ ਕੋਲ ਵਾਪਰੇ ਇਕ ਸੜਕ ਹਾਦਸੇ ਵਿਚ ਇੱਕ ਗੱਡੀ ਵੱਲੋਂ ਮੋਟਰਸਾਈਕਲ ਚਾਲਕ ਨੂੰ ਲਪੇਟ ਵਿਚ ਲੈਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਪੁਲਿਸ ਥਾਣਾ ਸਿਟੀ ਮੋਰਿੰਡਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਰੋਹਿਤ ਕੁਮਾਰ ਪੁੱਤਰ ਜਸਪਾਲ ਸਿੰਘ ਵਾਸੀ ਬੱਸੀ ਪਠਾਣਾਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਕੰਮ ਸਬੰਧੀ ਆਪਣੀ ਐਕਟਿਵਾ ’ਤੇ ਮੋਰਿੰਡਾ ਵਿਖੇ ਆਇਆ ਹੋਇਆ ਸੀ। ਇਸ ਦੌਰਾਨ ਵਾਪਸੀ ਸਮੇਂ ਉਸ ਨੂੰ ਉਸ ਦਾ ਮਾਮਾ ਕ੍ਰਿਸ਼ਨ ਕੁਮਾਰ ਪੁੱਤਰ ਰਤਨ ਲਾਲ ਵਾਸੀ ਰਾਜਪੁਰਾ ਮਿਲਿਆ ਜੋ ਆਪਣੇ ਮੋਟਰਸਾਈਕਲ (ਪੀਬੀ-11 ਬੀਵਾਈ-5322) ’ਤੇ ਉਸਦੇ ਅੱਗੇ ਬੱਸੀ ਪਠਾਣਾਂ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਸੱਖੋਮਾਜਰਾ ਨੇੜੇ ਸਥਿਤ ਚਾਚਾ ਦੇ ਢਾਬੇ ਕੋਲ ਪਹੁੰਚੇ ਤਾਂ ਪਿੱਛੋਂ ਆਈ ਇੱਕ ਗੱਡੀ (ਪੀਬੀ 13 ਜ਼ੈੱਡ-5395) ਦੇ ਅਣਪਛਾਤੇ ਚਾਲਕ ਨੇ ਕ੍ਰਿਸ਼ਨ ਕੁਮਾਰ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਕ੍ਰਿਸ਼ਨ ਕੁਮਾਰ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ ਅਤੇ ਉਸ ਦੀ ਮੌਕ’ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਦੌਰਾਨ ਅਣਪਛਾਤਾ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਏਐੱਸਆਈ ਸੁਰਿੰਦਰ ਸਿੰਘ ਤੁਰੰਤ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਦੇ ਅਣਪਛਾਤੇ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।