ਪੈਨਸ਼ਨਰਜ਼ ਵੱਲੋਂ ਨਿਗਰਾਨ ਇੰਜੀਨੀਅਰ ਦਫ਼ਤਰ ਅੱਗੇ ਧਰਨਾ
ਪੈਨਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਨਿਗਰਾਨ ਇੰਜੀਨੀਅਰ ਦਫਤਰ ਅੱਗੇ ਧਰਨਾ
Publish Date: Thu, 09 Apr 2026 06:20 PM (IST)
Updated Date: Fri, 10 Apr 2026 04:12 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੀ ਵਰਕਿੰਗ ਕਮੇਟੀ ਦੇ ਸੱਦੇ ’ਤੇ ਪੈਨਸ਼ਨਰਾਂ ਤੋਂ ਜੀਵਨ ਪ੍ਰਮਾਣ ਪੱਤਰ ਆਨਲਾਈਨ ਲੈਣ ਦੇ ਵਿਰੋਧ ਵਿਚ ਖਰੜ ਮੰਡਲ ਦੇ ਸਮੂਹ ਪੈਨਸ਼ਨਰਾਂ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ ਹੇਠ ਨਿਗਰਾਨ ਇੰਜੀਨੀਅਰ ਦੇ ਦਫਤਰ ਅੱਗੇ ਰੋਸ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਮੰਡਲ ਕਮੇਟੀ ਵੱਲੋਂ ਨਿਗਰਾਨ ਇੰਜੀਨੀਅਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਸਕੱਤਰ ਜਗਦੀਸ਼ ਕੁਮਾਰ ਮੋਰਿੰਡਾ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਜੀਵਨ ਪ੍ਰਮਾਣ ਪੱਤਰ ਆਨਲਾਈਨ ਲੈਣ ਨਾਲ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਵਿਚ ਕਾਫੀ ਵਾਧਾ ਹੋ ਗਿਆ ਹੈ। ਉਨਾਂ ਦੱਸਿਆ ਕਿ ਬਹੁਤ ਸਾਰੇ ਪੈਨਸ਼ਨਰ ਤੇ ਫੈਮਲੀ ਪੈਨਸ਼ਨਰਾਂ ਕੋਲ ਇਹ ਪ੍ਰਮਾਣ ਪੱਤਰ ਆਨਲਾਈਨ ਕਰਨ ਲਈ ਸਮਾਰਟ ਫੋਨ ਨਹੀਂ ਹਨ ਅਤੇ ਨਾ ਹੀ ਉਹ ਇਹ ਫੋਨ ਖਰੀਦਣ ਦੇ ਸਮਰੱਥ ਹਨ। ਉਨਾਂ ਕਿਹਾ ਕਿ ਆਧਾਰ ਕਾਰਡ ਨਾਲ ਫੋਟੋ ਸਕੈਨ ਤੇ ਫੋਨ ਆਧਾਰ ਕਾਰਡ ਨਾਲ ਲਿੰਕ ਨਾ ਹੋਣ ਅਤੇ ਸਹੀ ਫੋਟੋ ਨਾ ਆਉਣ ਕਾਰਨ ਪੈਨਸ਼ਨਰਾਂ ਦੀ ਖੱਜਲ ਖੁਆਰੀ ਬਹੁਤ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਬਿਰਧ ਅਤੇ ਬਿਮਾਰ ਪੈਨਸ਼ਨਰਾਂ ਨੂੰ ਜੀਵਨ ਪ੍ਰਵਾਣ ਪੱਤਰ ਆਨਲਾਈਨ ਕਰਵਾਉਣ ਲਈ ਦੌੜ੍ਹ ਭੱਜ ਕਰਨੀ ਬਹੁਤ ਔਖੀ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਮੁਲਾਜ਼ਮਾਂ ਅਤੇ ਛੋਟੇ ਕਾਰੋਬਾਰੀਆਂ ਲਈ ਅਜਿਹੀਆਂ ਸਮੱਸਿਆਵਾਂ ਜਾਣ ਬੁਝ ਕੇ ਪੈਦਾ ਕੀਤੀਆਂ ਜਾ ਰਹੀਆਂ ਹਨ, ਜਦ ਕਿ ਵੱਖ ਵੱਖ ਵੰਨਗੀਆਂ ਦੀਆਂ ਸਰਕਾਰਾਂ ਆਮ ਲੋਕਾਂ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਦੀਆਂ ਤੁੱਛ ਸਹੂਲਤਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਬਣਾ ਰਹੀਆਂ ਹਨ। ਇਸ ਮੌਕੇ ਅਵਤਾਰ ਸਿੰਘ, ਭਾਗ ਸਿੰਘ , ਸੋਮ ਲਾਲ, ਕਰਮ ਚੰਦ, ਭੁਪਿੰਦਰ ਸਿੰਘ ਆਦਿ ਨੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਸਮੱਸਿਆ ਤੁਰੰਤ ਹੱਲ੍ਹ ਨਾ ਕੀਤੀ ਗਈ ਤਾਂ ਸਟੇਟ ਕਮੇਟੀ ਵੱਲੋਂ ਬਿਜਲੀ ਮੰਤਰੀ ਦੀ ਲੁਧਿਆਣਾ ਸਥਿਤ ਰਿਹਾਇਸ਼ ਅੱਗੇ ਕੀਤੀ ਜਾਣ ਵਾਲੀ ਰੈਲੀ ਵਿਚ ਮੰਡਲ ਦੇ ਪੈਨਸ਼ਨਰ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨਗੇ।