ਪੰਜਾਬ ਸਰਕਾਰ ਹਲਕੇ ਦੇ ਵਿਕਾਸ ਕਾਰਜਾਂ ਲਈ ਵਚਨਬੱਧ : ਡਾ. ਚਰਨਜੀਤ
ਪੰਜਾਬ ਸਰਕਾਰ ਹਲਕੇ ਦੇ ਵਿਕਾਸ ਕਾਰਜਾਂ ਲਈ ਵਚਨਬੱਧ:ਡਾ.ਚਰਨਜੀਤ
Publish Date: Thu, 09 Apr 2026 05:22 PM (IST)
Updated Date: Fri, 10 Apr 2026 04:09 AM (IST)

ਵਿਧਾਇਕ ਵੱਲੋਂ ਸੀਵਰੇਜ ਪਾਈਪਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਸਰਕਾਰ ਮੋਰਿੰਡਾ ਸਮੇਤ ਸਮੂਹ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਕਾਸ ਕਾਰਜਾਂ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਡਾ.ਚਰਨਜੀਤ ਸਿੰਘ ਨੇ ਮੋਰਿੰਡਾ ਦੇ ਵਾਰਡ ਨੰਬਰ:14 ਵਿਚ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਕਾਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਮੋਰਿੰਡਾ ਵਿਚ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਆਪ ਦੀ ਸਰਕਾਰ ਨੇ 4 ਸਾਲਾਂ ਦੇ ਅਰਸੇ ਦੌਰਾਨ 100 ਫੀਸਦੀ ਮੁਕੰਮਲ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 14 ਵਿਚ 2 ਕਰੋੜ, 6 ਲੱਖ ਰੁਪਏ ਦੀ ਲਾਗਤ ਨਾਲ ਲੱਗਭੱਗ 6 ਕਿਲੋਮੀਟਰ ਸੀਵਰੇਜ ਪਾਈਪਲਾਈਨ ਵਿਛਾਈ ਜਾ ਰਹੀ ਹੈ ਅਤੇ ਇਹ ਕੰਮ 3 ਮਹੀਨੇ ਵਿਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਾਰਡ ਵਿਚ ਜਮ੍ਹਾਂ ਹੁੰਦੇ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਹੋਵੇਗਾ ਅਤੇ ਵਾਰਡ ਵਾਸੀਆਂ ਨੂੰ ਮੱਖੀਆਂ-ਮੱਛਰਾਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਕਈ ਤਰ੍ਹਾਂ ਦੇ ਮਾਫੀਏ ਚਲਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਹਲਕੇ ਵਿਚ ਹੋਏ ਵਿਕਾਸ ਕਾਰਜਾਂ ਦੀ ਤੁਲਨਾ ਆਪ ਦੇ 4 ਸਾਲਾਂ ਦੌਰਾਨ ਹੋਏ ਕੰਮਾਂ ਨਾਲ ਕਰਨ ਉਪਰੰਤ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀਆਂ ਸਰਕਾਰਾਂ ਵੇਲੇ ਕਾਬਜ਼ ਧਿਰਾਂ ਵੱਲੋਂ ਆਪਣੀਆਂ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਤਜੋਰੀਆਂ ਹੀ ਭਰੀਆਂ ਗਈਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋ ਬਹੁਤ ਸਾਰੇ ਸਾਬਕਾ ਆਗੂਆਂ ਅਤੇ ਅਧਿਕਾਰੀਆਂ ਵੱਲੋਂ ਕੀਤੀ ਗਈ ਲੁੱਟ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਸੀਵਰੇਜ ਬੋਰਡ ਦੇ ਜੇਈ ਪ੍ਰਦੀਪ ਕੁਮਾਰ, ਨਗਰ ਕੌਂਸਲ ਪ੍ਰਧਾਨ ਮੋਰਿੰਡਾ ਜਗਦੇਵ ਸਿੰਘ ਭਟੋਆ, ਸੁਖਦੀਪ ਸਿੰਘ ਭੰਗੂ, ਸੁਰਜੀਤ ਕੁਮਾਰ, ਜਗਤਾਰ ਸਿੰਘ ਘੜੂੰਆ, ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ, ਨਿਰਮਲ ਪ੍ਰੀਤ ਸਿੰਘ, ਨਵਦੀਪ ਸਿੰਘ ਟੋਨੀ, ਰਾਜਵਿੰਦਰ ਸਿੰਘ ਰਾਜੂ ਕੰਗ ਬੂਰਮਾਜਰਾ, ਕਿਸਾਨ ਆਗੂ ਗੁਰਮੇਲ ਸਿੰਘ ਬਾੜਾ ਸਮੇਤ ਵੱਡੀ ਗਿਣਤੀ ’ਚ ਆਪ ਆਗੂ ਤੇ ਵਰਕਰ ਹਾਜ਼ਰ ਸਨ।