ਗੁਰੂ ਨਗਰ ਦੀਆਂ ਗਲੀਆਂ ਬਣਾਉਣ ਦਾ ਕੰਮ ਹੋਇਆ ਬੰਦ
ਗੁਰੂ ਨਗਰ ਦੀਆਂ ਗਲੀਆਂ ਬਣਾਉਣ ਦਾ ਕੰਮ ਹੋਇਆ ਬੰਦ
Publish Date: Thu, 09 Apr 2026 04:42 PM (IST)
Updated Date: Fri, 10 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ਼ਹਿਰ ਦੇ ਮਹੱਲਾ ਗੁਰੂ ਨਗਰ ਵਾਰਡ ਨੰਬਰ:3 ਦੀਆਂ ਗਲੀਆਂ ਬਣਾਉਣ ਦਾ ਕੰਮ ਬੰਦ ਹੋਣ ਕਾਰਨ ਤੇ ਮੀਂਹ ਪੈਣ ਨਾਲ ਚਿੱਕੜ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੇ ਸ਼ੁਰੂ ਵਿਚ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਵਾਰਡ ਨੰ:3 ਦੇ ਮੁਹੱਲਾ ਗੁਰੂ ਨਗਰ ਵਿਚ ਗਲੀਆਂ ਦੇ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਸੀ। ਜਾਣਕਾਰੀ ਅਨਸਾਰ ਠੇਕੇਦਾਰ ਵੱਲੋਂ ਗਲੀਆਂ ਬਣਾਉਣ ਲਈ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਬੰਦ ਹੋ ਗਿਆ ਹੁਣ ਪਿਛਲੇ ਦਿਨਾ ਤੋਂ ਪਏ ਮੀਂਹ ਕਾਰਨ ਕੰਮ ਅੱਧ ਵਿਚਾਲੇ ਬੰਦ ਹੋਣ ਦੇ ਕਾਰਨ ਗਲੀਆਂ ਵਿਚ ਬਰਸਾਤੀ ਪਾਣੀ ਭਰਨ ਨਾਲ ਚਿੱਕੜ ਹੋ ਗਿਆ। ਇਸ ਦੇ ਕਾਰਨ ਮੁਹੱਲਾ ਵਾਸੀਆਂ ਦਾ ਆਉਣਾ-ਜਾਣਾ ਦੁੱਭਰ ਹੋ ਗਿਆ ਹੈ ਅਤੇ ਸਥਾਨਕ ਵਾਸੀ ਕਾਫੀ ਪਰੇਸ਼ਾਨ ਹਨ। ਇਸ ਦੇ ਇਲਾਵਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਰੋਜ਼ਾਨਾ ਆਉਣ-ਜਾਣ ਵਾਲੀ ਸੰਗਤ ਵਿਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰੂ ਨਗਰ ਦੇ ਦਵਿੰਦਰ ਸਿੰਘ, ਗਗਨਦੀਪ, ਜਸਪ੍ਰੀਤ, ਹਰਪ੍ਰੀਤ, ਸੰਨੀ, ਰਾਜੂ, ਅੰਮ੍ਰਿਤ, ਅਮਨ, ਜੱਗੀ, ਜਰਨੈਲ, ਬਿਪਨ, ਸਿਮਰਨ ਆਦਿ ਮੁਹੱਲਾ ਵਾਸੀਆਂ ਨੇ ਬਰਸਾਤ ਦੇ ਕਾਰਨ ਗਲੀ ਵਿਚ ਚਿੱਕੜ ਹੋ ਗਿਆ ਹੈ। ਜਿਸ ਦੇ ਕਾਰਨ ਦੋਪਹੀਆ ਵਾਹਨਾਂ ਦੇ ਫਿਸਲ ਕੇ ਹਾਦਸੇ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਗਲੀਆਂ ਦਾ ਕੰਮ ਤੇਜ਼ੀ ਨਾਲ ਮੁਕੰਮਲ ਕਰਨਾ ਚਾਹੀਦਾ ਹੈ ਤਾਂ ਜੋ ਮੁਹੱਲਾ ਵਾਸੀਆਂ ਤੇ ਹੋਰ ਰਾਹਗੀਰਾਂ ਨੂੰ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਠੇਕੇਦਾਰ ਪ੍ਰੇਮ ਸਿੰਘ ਨੇ ਕਿਹਾ ਕਿ ਬਰਸਾਤ ਕਾਰਨ ਮਿੱਟੀ ਪਾਉਣ ਦਾ ਕੰਮ ਬੰਦ ਕੀਤਾ ਗਿਆ ਸੀ ਤੇ ਹੁਣ ਮੌਸਮ ਠੀਕ ਹੋਣ ਤੋਂ ਬਾਅਦ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਲੀਆਂ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ ਅਤੇ ਮੁਹੱਲਾ ਵਾਸੀਆਂ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।