ਗੋਬਿੰਦ ਵੈਲੀ ਤੋਂ ਮਾਜਰੀ ਠੇਕੇਦਾਰਾਂ ਤੱਕ ਜਾਣ ਵਾਲੀ ਲਿੰਕ ਸੜਕ ਦਾ ਮੰਦੜਾ ਹਾਲ, ਰਾਹਗੀਰ ਪਰੇਸ਼ਾਨ
ਗੋਬਿੰਦ ਵੈਲੀ ਤੋਂ ਮਾਜਰੀ ਠੇੇਕਦਾਰਾਂ ਤੱਕ ਜਾਣ ਵਾਲੀ ਲਿੰਕ ਸੜਕ ਦਾ ਮੰਦੜਾ ਹਾਲ,ਰਾਹਗੀਰ ਪਰੇਸ਼ਾਨ
Publish Date: Thu, 09 Apr 2026 04:00 PM (IST)
Updated Date: Fri, 10 Apr 2026 04:02 AM (IST)

ਚਾਰ ਦਹਾਕਿਆਂ ਪੁਰਾਣੇ ਐੱਸਵਾਈਐੱਲ ਨਹਿਰ ਦੇ ਪੁਲ਼ ਦੀ ਹਾਲਤ ਖਰਾਬ, ਲੋਕਾਂ ਵੱਲੋਂ ਨਵੀਨੀਕਰਨ ਦੀ ਮੰਗ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਥਾਨਕ ਗੋਵਿੰਦ ਵੈਲੀ ਕਾਲੋਨੀ ਤੋਂ ਪਿੰਡ ਮਾਜਰੀ ਠੇਕੇਦਾਰਾਂ ਤੱਕ ਜਾਣਾ ਹੁਣ ਖਤਰੇਂ ਤੋਂ ਖਾਲੀ ਨਹੀ ਹੈ ਕਿਉਕਿ ਸੜਕ ਦਾ ਪਿਛਲੇ ਦੋ ਦਹਾਕੇ ਤੋਂ ਮੰਦੜਾ ਹਾਲ ਹੈ, ਦੂਜਾ ਐਸਵਾਈਐਲ ਨਹਿਰ ‘ਤੇ ਲੱਗੇ ਪੁਲ ਦੀ ਹਾਲਤ ਏਨੀ ਖਸਤਾ ਹੈ ਕਿ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਇਕ ਤਾਂ ਇਸ ਸੜਕ ਦੀ ਚੌੜਾਈ ਘੱਟ ਹੈ, ਦੂਜਾ ਹੈਵੀ ਵਹੀਕਲ ਟ੍ਰੈਫਿਕ ਹੋਣ ਕਾਰਨ ਸੜਕ ਵਿਚ ਡੂੰਘੇ ਖੱਡੇ ਪੈਣ ਕਾਰਨ ਰਾਹਗੀਰ ਪ੍ਰੇਸ਼ਾਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਕਰੀਬ ਚਾਰ ਦਹਾਕੇ ਪਹਿਲਾ ਸਤਲੁੱਜ ਯਮਨਾ ਲਿੰਕ ਨਹਿਰ ਐਸਵਾਈਐਲ ‘ਤੇ ਲੱਗਿਆ ਪੁਲ ਆਪਣੀ ਉਮਰ ਹੰਢਾਂ ਚੁੱਕਾ ਹੈ ਪਰ ਫਿਰ ਵੀ ਇਲਾਕੇ ਦੇ ਪਿੰਡ ਮਾਜਰੀ ਠੇਕੇਦਾਰਾ,ਮਾਜਰੀ ਜੱਟਾ, ਦਰਗਾਹਸ਼ਾਹ, ਅਕਬਰਪੁਰ, ਮਗਰੋੜ, ਬਾਗਵਾਲੀ, ਫਤਿਹ, ਭੰਗਾਲਾ, ਸਰਾੜੀ ਆਦਿ ਪਿੰਡਾ ਦੇ ਲੋਕ ਮਜਬੂਰੀ ਵਿਚ ਲੰਘ ਰਹੇ ਹਨ। ਜ਼ਿਕਰਯੋਗ ਹੈ ਕਿ ਘਾੜ ਇਲਾਕੇ ਦੇ ਕਈ ਪਿੰਡਾਂ ਵਿਚ ਇੱਟਾ ਦੇ ਭੱਠੇ ਹਨ ਜਿਨ੍ਹਾਂ ਤੋਂ ਇੱਟਾਂ ਲੱਦ ਕੇ ਟਰੈਕਟਰ ਟਰਾਲੀਆ ਤੇ ਗੱਡੀਆ ਅਤੇ ਸਕੂਲਾਂ ਵਾਲੀਆ ਬੱਸਾ ਇਸ ਪੁਲ ਤੋਂ ਲੱਗਦੀਆ ਹਨ। ਇਹ ਪੁਲ ਘਾੜ ਇਲਾਕੇ ਦੇ ਇੱਕ ਦਰਜਨ ਪਿੰਡਾਂ ਨੂੰ ਸਿੱਧੇ ਤੌਰ ‘ਤੇ ਰੂਪਨਗਰ ਸ਼ਹਿਰ ਨਾਲ ਜੋੜਦਾ ਹੈ। ਵੀਰਵਾਰ ਨੂੰ ਬਰਸਾਤੀ ਪਾਣੀ ਸੜਕ ’ਚ ਭਰਨ ਨਾਲ ਪਿੰਡ ਮਾਜਰੀ ਠੇਕੇਦਾਰਾ ਤੇ ਗੋਬਿੰਦ ਵੈਲੀ ਦੇ ਦਰਮਿਆਨ ਸੜਕ ਵਿਚ ਇਕ ਕਾਰ ਸੰਤੁਲਨ ਵਿਗੜਨ ਨਾਲ ਪਲਟਣ ਤੋ ਬਚ ਗਈ, ਟੁੱਟੀ ਸੜਕ ਕਾਰਨ ਆਏ ਦਿਨ ਸੜਕ ਹਾਦਸੇ ਹੋ ਰਹੇ ਹਨ। ਦੱਸਣਯੋਗ ਹੈ ਕਿ ਮਾਜਰੀ ਠੇਕੇਦਾਰਾਂ ਉਹ ਪਿੰਡ ਹੈ ਜਿਸ ਪਿੰਡ ਦੇ ਵਿਧਾਇਕ ਰਹੇ ਤੇ ਹੁਣ ਮੌਜੂਦਾ ਸਮੇਂ ਵਿਚ ਪ੍ਰਸ਼ਾਸ਼ਨਿਕ ਵੱਡੇ ਅਹੁਦਿਆਂ ‘ਤੇ ਬੈਠੇ ਹਨ ਪਰ ਜ਼ਿਲ੍ਹਾ ਹੈੱਡਕੁਆਟਰ ਨਾਲ ਘਾੜ ਇਲਾਕੇ ਦੇ ਕਰੀਬ 35 ਪਿੰਡਾਂ ਨੂੰ ਜੋੜਣ ਵਾਲੀ ਸੜਕ ਦੀ ਹਾਲਤ ਤਰਸਯੋਗ ਹੈ। ਉੱਧਰ ਲੋਕ ਨਿਰਮਾਣ ਵਿਭਾਗ ਦੇ ਸੂਤਰਾਂ ਅਨੁਸਾਰ ਗੋਬਿੰਦ ਵੈਲੀ ਤੋਂ ਪਿੰਡ ਮਾਜਰੀ ਠੇਕੇਦਾਰਾਂ ਤੱਕ ਜਾਣ ਵਾਲੀ ਦਸ ਫੁੱਟ ਚੋੜੀ ਸੜਕ ਦੇ ਨਵੀਨੀਕਰਨ ਦਾ ਕੋਈ ਪ੍ਰਸਤਾਵ ਨਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁਰਖਾਲੀ ਤੋਂ ਮਾਜਰੀ ਠੇਕੇਦਾਰਾਂ ਦੇ ਐਸਵਾਈਐਲ ਨਹਿਰ ਦੇ ਪੁਲ ਤੱਕ ਸੜਕ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਬਰਸਾਤ ਕਾਰਨ ਰੋਕਣਾ ਪਿਆ ਹੈ। ਇਲਾਕਾ ਵਾਸੀ ਮੇਵਾ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਲਵੰਤ ਸਿੰਘ ਗਿੱਲ ਸਾਬਕਾ ਮੈਬਰ ਜਿਲਾ ਪ੍ਰੀਸ਼ਦ, ਤਰਲੋਚਨ ਸਿੰਘ ਗਿੱਲ ਸਾਬਕਾ ਸਰਪੰਚ ਮਾਜਰੀ ਜੱਟਾ, ਸਾਬਕਾ ਲੈਕਚਰਾਰ ਸ਼ੇਰ ਸਿੰਘ ਗਿੱਲ, ਬਲਕਾਰ ਸਿੰਘ ਬਾਗਵਾਲੀ, ਜਗੀਰ ਸਿੰਘ ਬਾਗਵਾਲੀ, ਬਲਦੇਵ ਸਿੰਘ, ਰਾਜੂ ਸਨਾਣਾ ਨੇ ਕਿਹਾ ਕਿ ਸਾਲ 2000 ਵਿਚ ਇਹ ਸੜਕ ਪ੍ਧਾਨ ਮੰਤਰੀ ਸੜਕ ਯੋਜਨਾ ਤਹਿਤ ਬਣਾਈ ਗਈ ਸੀ ਅਤੇ ਇਸ ਤੋ ਬਾਅਦ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ ਹੈ। ਕਈ ਸਾਲਾਂ ਤੋ ਸੜਕ ਟੁੱਟਣ ਤੋਂ ਬਾਅਦ ਸਰਕਾਰਾਂ ਨੇ ਇਸ ਦੀ ਸਾਰ ਨਹੀਂ ਲਈ ਹੈ। ਇਸ ਤੋ ਇਲਾਵਾ ਪਿੰਡ ਮਾਜਰੀ ਠੇਕੇਦਾਰਾ ਦੇ ਕੋਲ ਐਸਵਾਈਐਲ ਨਹਿਰ ਦਾ ਪੁਲ ਵੀ ਖਸਤਾ ਹਾਲਤ ਵਿਚ ਹੈ ਅਤੇ ਵਾਹਨ ਚਾਲਕਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ। ਇਲਾਕਾ ਵਾਸੀਆਂ ਨੇ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੋਂ ਮੰਗ ਕੀਤੀ ਹੈ ਕਿ ਗੋਵਿੰਦ ਵੈਲੀ-ਮਾਜਰੀ ਜੱਟਾ ਸੜਕ ਦਾ ਨਿਰਮਾਣ ਜਲਦੀ ਕਰਵਾਇਆ ਜਾਵੇ।