ਨਗਰ ਕੌਂਸਲ ਵੱਲੋਂ ਦਰਪਣ ਇਨਕਲੇਵ ਨੇੜੇ ਕੂੜਾ ਸੁੱਟਣ ਦਾ ਵਿਰੋਧ
ਹੁਣ ਨਗਰ ਕੌਂਸਲ ਵੱਲੋਂ ਦਰਪਣ ਇਨਕਲੇਵ ਨੇੜੇ ਕੂੜਾ ਸੁੱਟਣ ਦਾ ਹੋਇਆ ਵਿਰੋਧ
Publish Date: Wed, 08 Apr 2026 05:36 PM (IST)
Updated Date: Thu, 09 Apr 2026 04:03 AM (IST)

ਕਾਰਜਸਾਧਕ ਅਫਸਰ ਤੇ ਐੱਸਡੀਐੱਮ ਮੋਰਿੰਡਾ ਨੂੰ ਭੇਜੇ ਬੇਨਤੀ ਪੱਤਰ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀ ਸ਼ਹਿਰ ਵਿੱਚੋਂ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਅਸਫਲ ਨਜ਼ਰ ਆ ਰਹੇ ਹਨ ਜਿਨ੍ਹਾਂ ਵੱਲੋਂ ਇਕ ਸਾਲ ਦਾ ਸਮਾਂ ਬੀਤਣ ਉਪਰੰਤ ਵੀ ਹਾਲੇ ਤੱਕ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਪੱਕੇ ਤੌਰ ਤੇ ਕੋਈ ਹੱਲ ਨਹੀਂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ਦਾ ਕੂੜਾ ਸੰਭਾਲਣ ਲਈ ਕੂੜਾ ਡੰਪ ਬਣਾਉਣ ਲਈ ਕਿਸੇ ਪਾਸੇ ਜਮੀਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਅਸਥਾਈ ਤੌਰ ਤੇ ਹੁਣ ਜਦੋਂ ਸ਼ਹਿਰ ਦੀ ਦਰਪਣ ਇਨਕਲੇਵ ਕਲੋਨੀ ਦੇ ਨੇੜੇ ਕੂੜਾ ਕਰਕਟ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਲੋਨੀ ਅਤੇ ਨੇੜੇ ਦੇ ਪਿੰਡਾਂ ਦੇ ਨਿਵਾਸੀਆਂ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਸਬੰਧੀ ਦਰਪਣ ਇਨਕਲੇਵ ਕਲੋਨੀ ਦੇ ਰਾਜਵਿੰਦਰ ਸਿੰਘ, ਸਮਾਜ ਸੇਵੀ ਮਨਦੀਪ ਸਿੰਘ ਬਾਜਵਾ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਪਿੰਡ ਦਾਤਾਰਪੁਰ ਦੇ ਕਿਸਾਨ ਆਗੂ ਹਰਬੰਸ ਸਿੰਘ ਧਨੋਆ ਅਤੇ ਪਿੰਡ ਰਾਮਗੜ ਮੰਡਾਂ ਦੇ ਸੰਦੀਪ ਸਿੰਘ ਤੇ ਅਮਰਜੀਤ ਸਿੰਘ ਸਮੇਤ ਪੰਜ ਦਰਜਨ ਤੋਂ ਵੱਧ ਵਸਨੀਕਾਂ ਵੱਲੋਂ ਐਸਡੀਐਮ ਚੇਤਨ ਬੰਗੜ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਦਿੱਤੇ ਪੱਤਰ ਵਿਚ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਕਲੋਨੀ ਨੇ ਸਾਹਮਣੇ ਸਥਿਤ ਪਰਲ ਗਰੀਨ ਕੰਪਨੀ ਦੀ ਝਗੜੇ ਵਾਲੀ ਜਮੀਨ ਵਿਚ ਨਜਾਇਜ਼ ਤੌਰ ਤੇ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਲੋਨੀ ਵਾਸੀ ਅਤੇ ਸਬੰਧਤ ਪਿੰਡਾਂ ਦੇ ਵਸਨੀਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਆਪਣੇ ਪੱਤਰ ਵਿਚ ਦੱਸਿਆ ਕਿ ਕਲੋਨੀ ਦੇ ਸਾਹਮਣੇ ਜਿਸ ਜਮੀਨ ਵਿਚ ਇਹ ਕੂੜਾ ਕਰਕਟ ਸੁੱਟਿਆ ਜਾਣ ਲੱਗਾ ਹੈ ਉਸ ਕਲੋਨੀ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਆਪੋ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ ਤੇ ਇਸੇ ਜਮੀਨ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ, ਹਸਪਤਾਲ ਅਤੇ ਰੈਸਟੋਰੈਂਟ ਵੀ ਸਥਿਤ ਹੈ ਜਦ ਕਿ ਇਸ ਜਮੀਨ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਪਿੰਡ ਦਤਾਰਪੁਰ ਤੇ ਰਾਮਗੜ੍ਹ ਮੰਡਾ ਸਥਿਤ ਹੈ। ਉਨ੍ਹਾਂ ਕਿਹਾ ਕਿ ਪਰਲ ਗਰੀਨ ਕੰਪਨੀ ਦੀ ਜਮੀਨ ਝਗੜੇ ਵਾਲੀ ਜਮੀਨ ਹੈ ਜਿਸ ਸਬੰਧੀ ਅਦਾਲਤੀ ਕਾਰਵਾਈ ਵੀ ਵਿਚਾਰ ਅਧੀਨ ਹੈ ਜਦਕਿ ਇੱਥੇ ਕੂੜਾ ਕਰਕਟ ਸੁੱਟਣ ਨਾਲ ਫੈਲਣ ਵਾਲੀ ਦੁਰਗੰਧ ਅਤੇ ਗੰਦਗੀ ਕਾਰਨ ਜਿੱਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹੇਗਾ ਉੱਥੇ ਹੀ ਕਲੋਨੀ ਤੇ ਪਿੰਡਾਂ ਦੇ ਵਸਨੀਕਾਂ ਦਾ ਜੀਣਾ ਦੁੱਭਰ ਹੋ ਜਾਵੇਗਾ। ਉਨ੍ਹਾਂ ਐਸਡੀਐਮ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਤੋਂ ਕਲੋਨੀ ਨੇੜੇ ਬਣਾਏ ਜਾਣ ਵਾਲੇ ਕੂੜਾ ਡੰਪ ਨੂੰ ਰੋਕਣ ਅਤੇ ਇੱਥੇ ਸੁੱਟੇ ਗਏ ਗੰਦਗੀ ਦੇ ਢੇਰਾਂ ਨੂੰ ਚੁੱਕਣ ਦੀ ਮੰਗ ਕੀਤੀ ਹੈ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਕੌਂਸਲ ਨੇ ਇੱਥੇ ਕੂੜਾ ਸੁੱਟਣਾ ਬੰਦ ਨਾ ਕੀਤਾ ਤਾਂ ਉਹ ਸਖਤ ਸੰਘਰਸ਼ ਕਰਨ ਤੋਂ ਵੀ ਗੁਰੇਜ ਨਹੀਂ ਕਰਨਗੇ। ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ। ਪ੍ਰੰਤੂ ਜਦੋਂ ਐੱਸਡੀਐੱਮ ਚੇਤਨ ਬੰਗੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਲੋਨੀ ਤੇ ਪਿੰਡ ਵਾਸੀਆਂ ਦੇ ਖਾਦਸ਼ਿਆਂ ਨੂੰ ਨਿਰਮੂਲ ਦੱਸਦਿਆ ਕਿਹਾ ਕਿ ਕਲੋਨੀ ਨੇੜੇ ਕੂੜਾ ਡੰਪ ਪੱਕੇ ਤੌਰ ਤੇ ਨਹੀਂ ਬਣਾਇਆ ਜਾ ਰਿਹਾ, ਸਗੋਂ ਕੁਲੈਕਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ। ਜਿੱਥੋਂ ਸ਼ਹਿਰ ਦੇ ਕੂੜੇ ਨੂੰ ਸੈਗਰੀਟ ਕਰਨ ਉਪਰੰਤ ਅੱਗੇ ਲਿਜਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬਣਨ ਵਾਲੇ ਕੁਲੈਕਸ਼ਨ ਸੈਂਟਰ ਦੇ ਆਲੇ ਦੁਆਲੇ 15 ਫੁੱਟ ਉੱਚੀਆਂ ਦੀਵਾਰਾਂ ਕਰਕੇ ਆਸ ਪਾਸ ਦੇ ਇਲਾਕੇ ਵਿਚ ਕੂੜਾ ਕਰਕਟ ਫੈਲਣ ਤੋਂ ਰੋਕਿਆ ਜਾਵੇਗਾ।