ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰ ਰਹੀ ਉਪਰਾਲੇ : ਚੱਢਾ
ਤਾਰਾ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਨੇ ਪਿੰਡ ਚੱਕ ਕਰਮਾਂ ਦੀ ਕਰਵਾਈ ਬੱਲੇ-ਬੱਲੇ
Publish Date: Wed, 08 Apr 2026 04:55 PM (IST)
Updated Date: Thu, 09 Apr 2026 04:03 AM (IST)

ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ, ਘਨੌਲੀ : ਨਜ਼ਦੀਕੀ ਪਿੰਡ ਚੱਕ ਕਰਮਾਂ ਦੇ ਖੇਡ ਮੈਦਾਨ ਵਿਖੇ ਨੌਜਵਾਨ ਸਪੋਰਟਸ ਕਲੱਬ ਚੱਕ ਕਰਮਾਂ ਤੇ ਗ੍ਰਾਮ ਪੰਚਾਇਤ ਵੱਲੋਂ ਸ਼ਾਨਦਾਰ 11ਵਾਂ ਤਾਰਾ ਸਿੰਘ ਯਾਦਗਾਰੀ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਨੇਕ ਚੱਕ ਕਰਮਾਂ, ਵਿਜੇ ਕੁਮਾਰ, ਸਰਪੰਚ ਕਾਮਰੇਡ ਪਵਨ ਕੁਮਾਰ ਚੱਕ ਕਰਮਾਂ ਆਦਿ ਨੇ ਦੱਸਿਆ ਕਿ ਇਸ ਫੁੱਟਬਾਲ ਟੂਰਨਾਮੈਂਟ ’ਚ ਇਲਾਕੇ ਦੀਆਂ ਪ੍ਰਸਿੱਧ 32 ਟੀਮਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਸਮਾਪਤੀ ਮੌਕੇ ਕਰਵਾਏ ਗਏ ਇਨਾਮ ਵੰਡ ਸਮਾਰੋਹ ਦੌਰਾਨ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਚੱਢਾ ਵੱਲੋਂ ਨੌਜਵਾਨ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਚੱਕ ਕਰਮਾਂ ਦੇ ਇਸ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਹੈ, ਜਿਸ ਦੇ ਤਹਿਤ ਨਵੇਂ ਸਟੇਡੀਅਮ ਉਸਾਰੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਪਿੰਡ ਚੱਕ ਕਰਮਾਂ ਦੇ ਰਹਿੰਦੇ ਅਧੂਰੇ ਕੰਮਾਂ ਪਾਣੀ ਦਾ ਬੋਰ, ਸਟੇਜ ਦੀ ਉਸਾਰੀ, ਬਿਜਲੀ ਕੁਨੈਕਸ਼ਨ ਆਦਿ ਕੰਮ ਪਹਿਲ ਦੇ ਅਧਾਰ ’ਤੇ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਸਪੋਰਟਸ ਕਲੱਬ ਪਿੰਡ ਲੌਦੀਮਾਜਰਾ ਦੀ ਟੀਮ ਨੇ ਰੋਮਾਂਚਕ ਮੁਕਾਬਲੇ ਵਿਚ ਸਪੋਰਟਸ ਕਲੱਬ ਮੱਦੋਮਾਜਰਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਸਪੋਰਟਸ ਕਲੱਬ ਪਿੰਡ ਲੌਦੀਮਾਜਰਾ ਦੀ ਟੀਮ ਨੂੰ 31,000 ਰੁਪਏ ਨਗਦ ਅਤੇ ਸਪੋਰਟਸ ਕਲੱਬ ਮੱਦੋ ਮਾਜਰਾ ਦੀ ਟੀਮ ਨੂੰ 25,000 ਰੁਪਏ ਨਗਤ ਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਆਗੂ ਅਜੀਤ ਪ੍ਰਦੇਸੀ, ਅਸ਼ੋਕ ਕੁਮਾਰ, ਅਮਰਨਾਥ, ਆਪ ਆਗੂ ਭਾਗ ਸਿੰਘ ਮਦਾਨ, ਵਿਕਾਸ ਵਰਮਾ ਐਡਵੋਕੇਟ, ਚੇਤਨ ਕਾਲੀਆ, ਅਮਰਾਓ ਸਿੰਘ ਮੱਦੋ ਮਾਜਰਾ, ਸੰਦੀਪ ਕੁਮਾਰ ਪ੍ਰਜਾਪਤੀ ਬਲਾਕ ਸੰਮਤੀ ਮੈਂਬਰ, ਸ਼ਿਵ ਕੁਮਾਰ ਲਾਲਪੁਰ, ਅੰਜਨਾ ਦੇਵੀ ਅੰਜੂ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ।