ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ ਠੱਗਣ ਵਾਲੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ
ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਠੱਗਣ ਵਾਲੇ ਟਰੈਵਲ ਏਜੰਟ ਖਿਲਾਫ ਮਾਮਲਾ ਕੀਤਾ ਦਰਜ
Publish Date: Sun, 29 Mar 2026 06:27 PM (IST)
Updated Date: Mon, 30 Mar 2026 04:06 AM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ, ਬੇਲਾ : ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਪਿੰਡ ਖੋਖਰ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਸਬੰਧਿਤ ਟਰੈਵਲ ਏਜੰਟ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀ ਦੇ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਮਕੌਰ ਸਾਹਿਬ ਦੇ ਐਸਐਚਓ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਰਣਜੋਧ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤੇ ਡਾਕ. ਬਹਿਰਾਮਪੁਰ ਬੇਟ, ਥਾਣਾ ਸ੍ਰੀ ਚਮਕੌਰ ਸਾਹਿਬ ਨੇ ਐਸਐਸਪੀ ਰੂਪਨਗਰ ਮਨਿੰਦਰ ਸਿੰਘ ਨੂੰ ਜਨਵਰੀ 2026 ਵਿਚ ਦਿੱਤੀ ਦਰਖਾਸਤ ਵਿਚ ਦੱਸਿਆ ਕਿ 2024 ਵਿਚ ਉਸ ਵੱਲੋਂ ਪਿੰਡ ਖੋਖਰਾਂ ਦੇ ਸਤਨਾਮ ਸਿੰਘ ਪੁੱਤਰ ਨਿਰਮਲ ਸਿੰਘ ਨਾਲ ਆਪਣੇ ਪੋਤੇ ਦਿਨੇਸ਼ ਕੁਮਾਰ ਨੂੰ ਕੈਨੇਡਾ ਭੇਜਣ ਲਈ 20 ਲੱਖ ਰੁਪਏ ਵਿਚ ਗੱਲਬਾਤ ਕੀਤੀ ਗਈ ਸੀ। ਉਪਰੰਤ ਸਤਨਾਮ ਸਿੰਘ ਨੇ ਜੁਲਾਈ 2024 ਵਿਚ ਉਹਦੇ ਘਰ ਤੋਂ 5 ਲੱਖ ਰੁਪਏ ਅਤੇ ਦਿਨੇਸ਼ ਕੁਮਾਰ ਦੇ ਦਸਤਾਵੇਜ ਲੈ ਕੇ ਜਲਦ ਤੋਂ ਜਲਦ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸਮਾਂ ਬੀਤਣ ਤੇ ਨਾ ਤਾਂ ਸਤਨਾਮ ਸਿੰਘ ਵੱਲੋਂ ਦਿਨੇਸ਼ ਕੁਮਾਰ ਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ, ਸਗੋਂ ਸਤਨਾਮ ਸਿੰਘ ਵੱਲੋਂ ਉਨ੍ਹਾਂ ਨੂੰ 2 ਲੱਖ ਰੁਪਏ ਦੇ ਡਾਲਰ ਦਿੱਤੇ ਗਏ ਜਿਹੜੇ ਕਿ ਚੈੱਕ ਕਰਵਾਉਣ ਉਪਰੰਤ ਜਾਅਲੀ ਪਾਏ ਗਏ । ਐੱਸਐੱਚਓ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਮਨਜੀਤ ਸਿੰਘ ਔਲਖ ਡੀਐਸਪੀ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤੀ ਗਈ ਜਿਨਾਂ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਣਜੋਧ ਸਿੰਘ ਨੇ ਆਪਣੇ ਪੋਤੇ ਨੂੰ ਕੈਨੇਡਾ ਭੇਜਣ ਲਈ ਆਪਣੇ ਭਰਾ ਕੋਲੋਂ 20 ਲੱਖ ਰੁਪਏ ਲੈ ਕੇ ਉਸ ਕੋਲ ਆਪਣੀ ਜਮੀਨ ਗਿਰਵੀ ਰੱਖ ਦਿੱਤੀ ਸੀ, ਜਿਸ ਵਿੱਚੋਂ ਰਣਜੋਧ ਸਿੰਘ ਨੇ ਤਿੰਨ ਲੱਖ ਰੁਪਏ ਸਤਨਾਮ ਸਿੰਘ ਨੂੰ ਜੁਲਾਈ 2024 ਵਿਚ ਸੁਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਬਹਿਰਾਮਪੁਰਬੇਟ ਅਤੇ ਜਤਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਡਹਿਰ ਦੀ ਹਾਜਰੀ ਵਿਚ ਦਿੱਤੇ ਗਏ ਸਨ। ਜਦ ਕਿ ਸਤਨਾਮ ਸਿੰਘ ਵੱਲੋ ਥੋੜਾ ਸਮਾਂ ਬਾਅਦ ਹੀ ਦਿਨੇਸ਼ ਕੁਮਾਰ ਦਾ ਕੈਨੇਡਾ ਦਾ ਵੀਜ਼ਾ ਆਉਣ ਦਾ ਵਿਸ਼ਵਾਸ ਦਿਵਾ ਕੇ ਅਤੇ ਉਸ ਨੂੰ ਡਾਲਰ ਬਣਾ ਕੇ ਦੇਣ ਲਈ 2 ਲੱਖ ਰੁਪਏ ਹੋਰ ਉਕਤ ਵਿਅਕਤੀਆਂ ਦੀ ਹਾਜਰੀ ਵਿਚ ਵਸੂਲ ਕੀਤੇ ਗਏ ਸਨ। 2 ਅਗਸਤ 2024 ਨੂੰ ਸਤਨਾਮ ਸਿੰਘ ਆਪਣੀ ਗੱਡੀ ਵਿਚ ਹੀ ਦਿਨੇਸ਼ ਕੁਮਾਰ ਨੂੰ ਦਿੱਲੀ ਤੋਂ ਹਵਾਈ ਜਹਾਜ ਚੜਾਉਣ ਲਈ ਲੈ ਕੇ ਗਿਆ ਸੀ, ਜਿਹੜਾ 3 ਅਗਸਤ ਨੂੰ ਹੀ ਵਾਪਸ ਘਰ ਆ ਗਿਆ, ਜਿਸ ਨੂੰ ਪਰਿਵਾਰ ਵੱਲੋਂ ਪੁੱਛਣ ਤੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਉਸ ਨੂੰ ਕੈਨੇਡਾ ਦੀ ਫਲਾਈਟ ਨਹੀਂ ਚੜਾਇਆ, ਸਗੋਂ ਉਹ ਦਿੱਲੀ ਤੋਂ ਹੀ ਉਸਨੂੰ ਵਾਪਸ ਲੈ ਆਇਆ ਹੈ ਅਤੇ ਵਾਪਸ ਆਉਂਦੇ ਸਮੇਂ ਸਤਨਾਮ ਸਿੰਘ ਨੇ ਉਸ ਨੂੰ ਦੋ ਲੱਖ ਰੁਪਏ ਦੇ ਡਾਲਰ ਦਿੱਤੇ ਹਨ ਜਿਹੜੇ ਚੈਕ ਕਰਵਾਉਣ ਤੇ ਜਾਅਲੀ ਪਾਏ ਗਏ। ਐੱਸਐੱਚਓ ਨੇ ਦੱਸਿਆ ਕਿ ਪੜਤਾਲ ਦੌਰਾਨ ਰਣਜੋਧ ਸਿੰਘ ਵੱਲੋਂ ਟਰੈਵਲ ਏਜੰਟ ਸਤਨਾਮ ਸਿੰਘ ਤੇ ਲਗਾਏ ਗਏ ਦੋਸ਼ ਸਹੀ ਪਾਏ ਗਏ ਹਨ, ਸਤਨਾਮ ਸਿੰਘ ਵੱਲੋ ਰਣਜੋਧ ਸਿੰਘ ਨਾਲ ਸ਼ਰੇਆਮ ਜਾਅਲਸਾਜੀ ਤੇ ਧੋਖਾਦੇਹੀਂ ਕੀਤੀ ਗਈ ਹੈ ।.ਉਨ੍ਹਾਂ ਪੜਤਾਲ ਸਬੰਧੀ ਡੀਏ ਲੀਗਲ ਰੂਪਨਗਰ ਦੀ ਰਾਏ ਲੈਣ ਉਪਰੰਤ ਐਸਐਸਪੀ ਰੂਪਨਗਰ ਦੀ ਪ੍ਰਵਾਨਗੀ ਤੋਂ ਬਾਅਦ ਸਤਨਾਮ ਸਿੰਘ ਖਿਲਾਫ ਬੀਐਨਐਸ ਦੀ ਧਾਰਾ 318 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 13 ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।