ਜ਼ਮੀਨੀ ਵਿਵਾਦ ਨੂੰ ਲੈ ਕੇ ਭਰਜਾਈ ’ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ
ਜਮੀਨੀ ਵਿਵਾਦ ਨੂੰ ਲੈ ਕੇ ਨਣਦ ਦੀ ਸ਼ਿਕਾਇਤ ‘ਤੇ ਭਰਜਾਈ ਤੇ ਦੋ ਹੋਰਾਂ ਅਤੇ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ
Publish Date: Sun, 01 Mar 2026 06:07 PM (IST)
Updated Date: Mon, 02 Mar 2026 04:08 AM (IST)

ਨਨਾਣ ਨੇ ਕੀਤੀ ਸ਼ਿਕਾਇਤ ‘ਤੇ ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ, ਬੇਲਾ : ਸ੍ਰੀ ਚਮਕੌਰ ਸਾਹਿਬ ਪੁਲੀਸ ਨੇ ਨਣਦ ਭਰਜਾਈ ਦਰਮਿਆਨ ਇੱਕ ਜਮੀਨੀ ਵਿਵਾਦ ਨੂੰ ਲੈ ਕੇ ਨਣਦ ਦੀ ਸ਼ਿਕਾਇਤ ‘ਤੇ ਪੜਤਾਲ ਕਰਨ ਉਪਰੰਤ ਭਰਜਾਈ ਸਮੇਤ ਦੋ ਹੋਰਾਂ ਤੇ ਦੋ ਅਣਪਛਾਤਿਆਂ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਜਸਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਪੁੱਤਰੀ ਹਰਬੰਸ ਸਿੰਘ ਨਿਵਾਸੀ ਪਿੰਡ ਗੋਬਿੰਦਪੁਰ ਹਾਲ ਵਾਸੀ ਦਿੱਲੀ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਅਤੇ ਉਸ ਦਾ ਭਰਾ ਹਰਮੀਤ ਸਿੰਘ, ਦਿੱਲੀ ਦੇ ਜੰਮਪਾਲ ਹਨ ਅਤੇ ਦਿੱਲੀ ਵਿਖੇ ਹੀ ਵਿਆਹੇ ਗਏ ਸਨ ਜਦਕਿ ਉਸ ਦੇ ਪੇਕਿਆਂ ਦੀ 24 ਕਨਾਲ 4 ਮਰਲੇ ਜਮੀਨ ਸ੍ਰੀ ਚਮਕੌਰ ਸਾਹਿਬ ਤਹਿਸੀਲ ਦੇ ਪਿੰਡ ਹਰੋਂ ਅਤੇ ਰਾਏਪੁਰ ਵਿਚ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਿਤਾ ਵੱਲੋਂ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਮੀਨ ਉਸ ਦੇ ਭਰਾ ਹਰਮੀਤ ਸਿੰਘ ਦੇ ਨਾਮ ਕਰਵਾ ਦਿੱਤੀ ਗਈ ਸੀ। ਜਸਵਿੰਦਰ ਕੌਰ ਨੇ ਆਪਣੀ ਸ਼ਿਕਾਇਤ ਵਿਚ ਅੱਗੇ ਦੱਸਿਆ ਕਿ ਉਸ ਦੇ ਭਰਾ ਹਰਮੀਤ ਸਿੰਘ ਦੀ ਸ਼ਾਦੀ ਕੁਲਵਿੰਦਰ ਕੌਰ ਪੁੱਤਰੀ ਭਾਗ ਸਿੰਘ ਵਾਸੀ ਪਿੰਡ ਦਬੇਟਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਹੋਈ ਸੀ ਪ੍ਰੰਤੂ ਉਨਨ੍ਹਾਂ ਕੋਲ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਆਪਣੀ ਇੱਕ ਰਿਸ਼ਤੇਦਾਰੀ ਵਿੱਚੋਂ ਇੱਕ ਲੜਕੀ ਜਸਮੀਤ ਕੌਰ ਨੂੰ ਗੋਦ ਲਿਆ ਹੋਇਆ ਸੀ। ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਹਰਮੀਤ ਸਿੰਘ ਵੱਲੋ ਜਨਵਰੀ 2021 ਵਿਚ ਆਤਮ ਹੱਤਿਆ ਕਰ ਲੈਣ ਉਪਰੰਤ ਦਿੱਲੀ ਪੁਲਿਸ ਵੱਲੋਂ ਤਫਤੀਸ਼ ਉਪਰੰਤ ਉਸ ਦੀ ਭਰਜਾਈ ਕੁਲਵਿੰਦਰ ਕੌਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਸਬੰਧੀ ਮਾਮਲਾ ਦਿੱਲੀ ਦੀ ਅਦਾਲਤ ਵਿਚ ਪੈਂਡਿੰਗ ਹੈ। ਜਸਵਿੰਦਰ ਕੌਰ ਅਨੁਸਾਰ ਇਸ ਤੋਂ ਪਹਿਲਾਂ ਉਸ ਦੇ ਭਰਾ ਹਰਮੀਤ ਸਿੰਘ ਵੱਲੋਂ ਆਪਣੀ ਮਰਜ਼ੀ ਨਾਲ ਪਿੰਡ ਹਰੋਂ ਤਹਿਸੀਲ ਸ੍ਰੀ ਚਮਕੌਰ ਸਾਹਿਬ ਵਿਚ ਸਥਿਤ 19 ਕਨਾਲ 19 ਮਰਲੇ ਜਮੀਨ ਸਤੰਬਰ 2018 ਵਿਚ ਉਸ ਦੇ ਨਾਮ ਟਰਾਂਸਫਰ ਡੀਲ ਕਰਵਾ ਦਿੱਤੀ ਗਈ ਸੀ ਜਿਹੜੀ ਕਿ ਹਰਮੀਤ ਸਿੰਘ ਦੇ ਜਿਉਂਦੇ ਸਮੇਂ ਤੋਂ ਹੀ ਉਸ ਦੇ ਕਬਜੇ ਹੇਠ ਹੈ ਤੇ ਉਹੀ ਉਸ ਜਮੀਨ ਤੇ ਕਾਸ਼ਤ ਕਰਦੀ ਹੈ ਤੇ ਠੇਕੇ ਤੇ ਦਿੰਦੀ ਹੈ । ਜਿਸ ਦੀ ਦੇਖਭਾਲ ਲਈ ਉਸ ਵੱਲੋਂ ਗੁਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਤਾਲਪੁਰ ਨੂੰ ਮੁਖਤਿਆਰ ਖਾਸ ਬਣਾਇਆ ਹੋਇਆ ਹੈ। ਜਦਕਿ ਹਰਮੀਤ ਸਿੰਘ ਦੀ ਮੌਤ ਉਪਰੰਤ ਉਸ ਦੇ ਨਾਮ ਤੇ ਪਿੰਡ ਰਾਏਪੁਰ ਵਿਚਲੀ 4 ਕਨਾਲ 4 ਮਰਲੇ ਜਮੀਨ ਕੁਲਵਿੰਦਰ ਕੌਰ ਅਤੇ ਜਸਮੀਤ ਕੌਰ ਦੇ ਨਾਮ ਹੋ ਗਈ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਜਮੀਨ ਵਿਚ ਗੰਨਾ ਅਤੇ ਸਰੋਂ ਬੀਜ ਰੱਖੀ ਸੀ, ਜਿਸ ਨੂੰ ਕੁਲਵਿੰਦਰ ਕੌਰ, ਉਸ ਦੇ ਬਾਪ ਭਾਗ ਸਿੰਘ ਅਤੇ 10-15 ਹਥਿਆਰਬੰਦ ਅਣਪਛਾਤੇ ਵਿਆਕਤੀਆਂ ਵੱਲੋ ਇਸ ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਟਰੈਕਟਰ ਨਾਲ ਵਾਹ ਕੇ ਉਸ ਦਾ 4-5 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ , ਅਤੇ ਜਦੋ ਸੂਚਨਾ ਮਿਲਣ ਉਪਰੰਤ ਗੁਰਜੀਤ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਉਨਾਂ ਨੂੰ ਫਸਲ ਦਾ ਨੁਕਸਾਨ ਕਰਨ ਤੋ ਰੋਕਿਆ ਗਿਆ ਤਾਂ ਹਮਲਾਵਰਾਂ ਵੱਲੋ ਗੁਰਜੀਤ ਸਿੰਘ ਦੀ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਜਿਸ ਨੂੰ ਚਮਕੌਰ ਸਾਹਿਬ ਦੇ ਸਬ ਡਵੀਜਨਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸਐੱਚਓ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਜਸਵਿੰਦਰ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਡੀਐੱਸਪੀ (ਐੱਨਡੀਪੀਐੱਸ) ਰੂਪਨਗਰ ਵੱਲੋਂ ਕੀਤੀ ਗਈ, ਜਿਨਾਂ ਵੱਲੋਂ ਦੋਨੋਂ ਧਿਰਾਂ ਨੂੰ ਸੁਣਨ ਉਪਰੰਤ ਕੁਲਵਿੰਦਰ ਕੌਰ ਤੇ ਸਾਥੀਆਂ ਵੱਲੋਂ ਜਮੀਨ ਤੇ ਬੀਜੀ ਗਈ ਫਸਲ ਨੂੰ ਵਾਹੁਣ ਸੰਬੰਧੀ ਵੀਡੀਓ ਦੇਖਣ, ਮਾਲ ਵਿਭਾਗ ਦਾ ਰਿਕਾਰਡ ਵਾਚਣ ਤੇ ਗੁਰਜੀਤ ਸਿੰਘ ਦੀ ਮੈਡੀਕਲ ਰਿਪੋਰਟ ਦੇ ਆਧਾਰ ਤੇ ਸ਼ਿਕਾਇਤ ਵਿਚਲੇ ਦੋਸ਼ ਸਹੀ ਸਾਬਤ ਹੋਣ ਤੇ ਕੁਲਵਿੰਦਰ ਕੌਰ ਪਤਨੀ ਹਰਮੀਤ ਸਿੰਘ, ਭਾਗ ਸਿੰਘ ਪੁੱਤਰ ਬਾਬੂ ਰਾਮ ਵਾਸੀ ਪਿੰਡ ਦੁਬੇਟਾ, ਟਰੈਕਟਰ ਚਾਲਕ ਸੰਤੋਖ ਸਿੰਘ ਸਮੇਤ 2 ਅਣਪਛਾਤਿਆਂ ਵਿਰੁੱਧ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਉਪਰੰਤ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕੇ ਜਿੱਥੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਇਹ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ ਹੈ।