ਸੋਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਬਣੇ
ਅਮਰੀਕ ਸਿੰਘ ਸੋਹੀ ਬਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਥਮੱਲਪੁਰ ਦੇ ਪ੍ਰਧਾਨ
Publish Date: Sun, 01 Mar 2026 04:11 PM (IST)
Updated Date: Mon, 02 Mar 2026 03:59 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰਾਂ ਦੀ ਇਕੱਤਰਤਾ ਸਵਰਨ ਸਿੰਘ ਢੰਗਰਾਲੀ ਜ਼ਿਲ੍ਹਾ ਪ੍ਰਧਾਨ ਰੂਪਨਗਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਕਮੇਟ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਅਮਰੀਕ ਸਿੰਘ ਸੋਹੀ ਨੂੰ ਸਰਬਸੰਮਤੀ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਥਮੱਲਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਇਲਾਵਾ ਰਣਧੀਰ ਸਿੰਘ ਧੀਰਾ ਨੂੰ ਮੀਤ ਪ੍ਰਧਾਨ, ਦਿਲਵਰ ਸਿੰਘ ਸੋਹੀ ਨੂੰ ਸਕੱਤਰ ਅਤੇ ਅਮਰਜੀਤ ਸਿੰਘ ਪੱਪੂ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਚੁਣੀ ਗਈ ਕਾਰਜਕਾਰੀ ਕਮੇਟੀ ਵਿਚ ਮਲਕੀਤ ਸਿੰਘ, ਜਸਵੀਰ ਸਿੰਘ, ਨਾਥ ਸਿੰਘ, ਮਨਜੀਤ ਸਿੰਘ ਗੁੱਡੂ, ਇਕਬਾਲ ਸਿੰਘ, ਜਗਦੀਪ ਸਿੰਘ, ਲੰਬੜਦਾਰ ਦਰਸ਼ਨ ਸਿੰਘ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਬ ਸੰਮਤੀ ਨਾਲ ਕਈ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਕਮੇਟੀ ਦੇ ਆਗੂਆਂ ਵੱਲੋਂ ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਨਿਰਦੋਸ਼ ਕਿਸਾਨਾਂ ’ਤੇ ਜ਼ਬਰ-ਜੁਲਮ ਕਰਨ ਵਾਲੀ ਐੱਸਐੱਸਪੀ ਜੋਯਤੀ ਯਾਦਵ ਸਮੇਤ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ 6 ਮਾਰਚ ਨੂੰ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ-ਮਜ਼ਦੂਰ-ਪ੍ਰੈੱਸ ਵਿਰੁੱਧ ਪੁਲਿਸ ਦੀ ਬੇਲੋੜੀ ਵਰਤੋਂ ਕਰਨੀ ਬੰਦ ਕਰੇ। ਪੰਜਾਬ ਵਿਚ ਪੁਲਿਸ ਰਾਜ ਦੀ ਥਾਂ ਲੋਕਤੰਤਰੀ ਹੱਕ ਬਹਾਲ ਕਰੇ। ਉਨ੍ਹਾਂ ਪੰਜਾਬ ਵਿਚ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਵੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਜੱਥੇਬੰਦੀ ਅਤੇ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਹੋਰਨਾਂ ਪਿੰਡਾਂ ਵਿਚ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿਚ ਜਸਕਿਰਨ ਸਿੰਘ, ਗੁਰਦੀਪ ਸਿੰਘ, ਮਿੱਤ ਸਿੰਘ, ਅਮਰੀਕ ਸਿੰਘ, ਅਰਸ਼ਪ੍ਰੀਤ ਸਿੰਘ ਬਾਠ, ਰਣਜੋਧ ਸਿੰਘ ਬਾਠ ਆਦਿ ਵੀ ਹਾਜ਼ਰ ਸਨ।