ਵਾਹੀਯੋਗ ਜ਼ਮੀਨ ’ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ, ਪ੍ਰਸ਼ਾਸਨ ਚੁੱਪ
ਫਤਿਹ ਕਲੋਨੀ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਹੀਯੋਗ ਜਮੀਨ ਤੇ ਹੋ ਰਹੀਆਂ ਨੇ ਨਜਾਇਜ਼ ਉਸਾਰੀਆਂ ਪ੍ਰਸ਼ਾਸਨ ਚੁੱਪ
Publish Date: Sun, 22 Feb 2026 07:07 PM (IST)
Updated Date: Mon, 23 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਵਿਖੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਸ਼ਹਿ ‘ਤੇ ਅਣ ਅਧਿਕਾਰਤ ਕਲੋਨੀ ਵਿਚ ਜਿੱਥੇ ਵਾਹੀਯੋਗ ਜਮੀਨ ‘ਤੇ ਨਜਾਇਜ਼ ਤੌਰ ਤੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪਹਿਲਾਂ ਖਰੀਦੇ ਪਲਾਟਾਂ ਦੀਆਂ ਵਾਰ ਵਾਰ ਰਜਿਸਟਰੀਆਂ ਕਰਵਾ ਕੇ ਆਮ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ, ਜਦਕਿ ਪ੍ਰਸ਼ਾਸਨ ਨੂੰ ਦਿੱਤੀਆਂ ਦਰਖਾਸਤਾਂ ‘ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਅਰਨੌਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਲ 2018 ਵਿਚ ਪਿੰਡ ਰਾਏਪੁਰ ਦੀ ਜ਼ਮੀਨ ਜਿਸ ਨੂੰ ਕਿ ਫਤਿਹ ਇਨਕਲੇਵ ਮਾਣੇਮਾਜਰਾ (ਸ੍ਰੀ ਚਮਕੌਰ ਸਾਹਿਬ)ਦਾ ਨਾਮ ਦਿੱਤਾ ਗਿਆ ਹੈ ਜਿਸ ਵਿਚ ਪਿੰਡ ਮਾਣੇ ਮਾਜਰਾ ਨਿਵਾਸੀ ਗੁਰਮੀਤ ਸਿੰਘ ਪੁੱਤਰ ਲਛਮਣ ਸਿੰਘ ਤੋਂ 15 ਮਰਲੇ ਜਮੀਨ ਖਰੀਦੀ ਸੀ ਜਿਸ ਦੀ ਪੇਮੈਂਟ ਬੈਂਕ ਲੋਨ ਰਾਹੀਂ ਦਿੱਤੀ ਗਈ ਸੀ ਇਸ ਤੋਂ ਬਾਅਦ ਮੇਰੇ ਵੱਲੋਂ ਉਸ ਤੇ ਬੁਰਜੀਆਂ ਲਗਾ ਕੇ ਕਬਜ਼ਾ ਕੀਤਾ ਹੋਇਆ ਸੀ ਉਪਰੰਤ ਲੰਘੇ 2025 ਵਿਚ ਅਕਤੂਬਰ ਮਹੀਨੇ ਵਿੱਚ ਮੇਰੇ ਪਲਾਟ ‘ਤੇ ਕਿਸੇ ਹੋਰ ਵਿਅਕਤੀ ਲਖਮਿੰਦਰ ਸਿੰਘ ਨਾਮਕ ਵਲੋ ਕਬਜ਼ਾ ਕਰਨ ਦੀ ਮੈਨੂੰ ਜਾਣਕਾਰੀ ਮਿਲੀ ਤੇ ਮੈਂ ਉਸ ਦੇ ਨਾਲ ਗੱਲਬਾਤ ਕੀਤੀ ਕਿ ਇਹ ਪਲਾਟ ਮੇਰਾ ਹੈ ਉਸ ਸਮੇਂ ਤੱਕ ਉਸ ਵਿਅਕਤੀ ਕੋਲ ਇਸ ਸਬੰਧੀ ਕੋਈ ਵੀ ਦਸਤਾਵੇਜ ਨਹੀਂ ਸੀ ਪ੍ਰੰਤੂ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਮਿਲੀ ਭੁਗਤ ਅਤੇ ਕੁਝ ਲੋਕ ਜਿਨਾਂ ਤੇ ਪਹਿਲਾਂ ਹੀ ਜਾਅਲਸਾਜੀ ਦੇ ਮੁਕਦਮੇ ਚੱਲ ਰਹੇ ਹਨ ਉਨਾਂ ਦੇ ਨਾਲ ਮਿਲ ਕੇ ਇੱਕ ਹੋਰ ਗਲਤ ਰਜਿਸਟਰੀ ਕਰਵਾ ਲਈ ਗਈ ਅਤੇ ਇਹ ਕਿਹਾ ਗਿਆ ਕਿ ਇਹ ਪਲਾਟ ਮੇਰਾ ਹੈ ਜਦਕਿ ਮੇਰੇ ਵੱਲੋਂ ਇਸ ਸਬੰਧੀ ਮਾਨਯੋਗ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ ਅਤੇ ਸਬੰਧਤ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਨੋਟਿਸ ਵੀ ਜਾਰੀ ਕੀਤੇ ਹੋਏ ਹਨ। ਇਸ ਸਬੰਧੀ ਮੈਂ ਅਕਤੂਬਰ 2025 ਵਿਚ ਦੂਜੀ ਪਾਰਟੀ ਦੀ ਰਜਿਸਟਰੀ ਹੋਣ ਤੋਂ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਥਾਣੇ ਨੂੰ ਨਾ ਕੇਵਲ ਲਿਖਤੀ ਸ਼ਿਕਾਇਤ ਦਿੱਤੀ ਸੀ ਬਲਕਿ ਮੌਕਾ ਦਿਖਾ ਕੇ ਇਹ ਵਿਖਾਇਆ ਸੀ ਕਿ ਮੇਰੇ ਪਲਾਟ ਵਿਚ ਕੁਝ ਲੋਕ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਨ੍ਹਾਂ ਵੱਲੋਂ ਪਲਾਟ ਦੇ ਆਲੇ ਦੁਆਲੇ ਕੰਡਾ ਤਾਰ ਲਗਾ ਦਿੱਤੀ ਗਈ ਪ੍ਰੰਤੂ ਪ੍ਰਸ਼ਾਸਨ ਚੁੱਪ ਰਿਹਾ ਸ਼੍ਰੀ ਚਮਕੌਰ ਸਾਹਿਬ ਪੁਲਿਸ ਵਲੋ ਕਾਰਵਾਈ ਨਾ ਹੁੰਦੀ ਵੇਖ ਮੇਰੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਗਈ ਜੋ ਕਿ ਸ਼੍ਰੀ ਚਮਕੌਰ ਸਾਹਿਬ ਵਿਚ ਮਾਰਕ ਹੋਣ ਦੇ ਬਾਵਜੂਦ ਉਸ ਤੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਮੇਰੀ ਜਮੀਨ ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਰਵਾਈ ਕੀਤੀ ਜਾਵੇ ਉੱਥੇ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਕਲੋਨੀ ਵਿਚ ਵਾਹੀ ਯੋਗ ਜਮੀਨ ਤੇ ਹੋ ਰਹੀਆਂ ਨਜਾਇਜ਼ ਉਸਾਰੀਆਂ ਤੇ ਰੋਕ ਲਗਾਈ ਜਾਵੇ। ਉੱਧਰ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਕਾਰਜ ਸਾਧਕ ਅਫਸਰ ਗੁਰਬਖਸ਼ ਸੰਧੂ ਨੇ ਮਾਮਲੇ ਸਬੰਧੀ ਕਿਹਾ ਕਿ ਉਨ੍ਹਾਂ ਦੀ ਤੈਨਾਤੀ ਅਜੇ ਕੁਝ ਦਿਨ ਪਹਿਲਾਂ ਹੋਈ ਹੈ ਉਹ ਕੱਲ ਨੂੰ ਹੀ ਇਸ ਕਲੋਨੀ ਸਬੰਧੀ ਜਾਣਕਾਰੀ ਲੈ ਕੇ ਜੇਕਰ ਉੱਥੇ ਨਜਾਇਜ਼ ਤੌਰ ਤੇ ਉਸਾਰੀ ਹੋਰ ਰਹੀ ਹੈ ਤਾਂ ਉਸ ਨੂੰ ਬੰਦ ਕਰਵਾਇਆ ਜਾਵੇਗਾ। ਏਡੀਸੀ ਰੂਪਨਗਰ ਅਭਿਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਨੂੰ ਨਿਰਦੇਸ਼ ਦੇ ਕੇ ਮਾਮਲੇ ਦੀ ਪੜਤਾਲ ਕਰਾਉਣਗੇ। ਐਸਐਸਪੀ ਰੂਪਨਗਰ ਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀਂ ਹੋਣ ਦੇਵੇਗਾ ਜੇਕਰ ਤੁਹਾਡੀ ਦਰਖਾਸਤ ਤੇ ਕਾਰਵਾਈ ਨਹੀਂ ਹੋਈ ਤਾਂ ਸਬੰਧਤ ਥਾਣੇ ਤੋ ਰਿਪੋਰਟ ਮੰਗ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।