ਐੱਸਕੇਐੱਮ ਵੱਲੋਂ ਵਿਧਾਇਕ ਚੱਢਾ ਦੇ ਘਰ ਅੱਗੇ ਰੋਸ ਧਰਨਾ
ਐੱਸਕੇਐੱਮ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦੇ ਘਰ ਅੱਗੇ ਰੋਸ ਧਰਨਾ
Publish Date: Sun, 22 Feb 2026 04:37 PM (IST)
Updated Date: Mon, 23 Feb 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਸੱਦੇ ’ਤੇ ਰੂਪਨਗਰ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਮਜ਼ਦੂਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਵਿਧਾਇਕ ਦਿਨੇਸ਼ ਚੱਢਾ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ’ਤੇ ਕੁਹਾੜਾ ਚਲਾ ਰਹੀ ਹੈ। ਇਸ ਦੀ ਤਾਜ਼ਾ ਉਦਾਹਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਸਿਰ ਮੜਿਆ ਮੁਕਤ ਵਪਾਰ ਸਮਝੌਤਾ ਹੈ, ਜਿਸ ਦੇ ਤਹਿਤ ਅਮਰੀਕਾ ਤੋਂ ਭਾਰਤ ਦੀਆਂ ਮੰਡੀਆਂ ਵਿਚ ਬਿਨ੍ਹਾਂ ਕਿਸੇ ਰੋਕ-ਟੋਕ ਤੇ ਟੈਕਸ ਤੋਂ ਸਮਾਨ ਵੇਚਿਆ ਜਾਵੇਗਾ। ਇਸ ਨਾਲ ਅਮਰੀਕਾ ਦਾ ਕਿਸਾਨ ਅਤੇ ਇੰਡਸਟਰੀ ਮੋਟੀ ਕਮਾਈ ਕਰੇਗੀ ਪ੍ਰੰਤੂ ਭਾਰਤ ਦਾ ਕਿਸਾਨ ਅਤੇ ਇੰਡਸਟਰੀ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ, ਟਰੰਪ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਚੁੱਕਿਆ ਹੈ। ਇਸ ਬੇਮੇਲ ਸਮਝੌਤੇ ਦਾ ਵਿਰੋਧ ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਹੈ ਕਿਉਂਕਿ ਭਾਜਪਾ ਅਤੇ ਆਪ ਸਰਕਾਰ ਕਿਸਾਨਾਂ ਦੇ ਹੱਕ ਵਿਚ ਨਹੀਂ ਖੜ ਰਹੀ। ਇਸ ਲਈ ਭਾਜਪਾ ਅਤੇ ਆਪ ਆਗੂਆਂ ਦੇ ਘਰਾਂ ਅੱਗੇ ਆਪਣਾ ਵਿਰੋਧ ਪ੍ਰਦਰਸ਼ਨ ਕਰਕੇ ਇਸ ਸਮਝੌਤੇ ਨੂੰ ਖਤਮ ਕਰਕੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਕਰਨ ਲਈ ਸਰਕਾਰਾਂ ਨੂੰ ਮਜ਼ਬੂਰ ਕਰ ਰਿਹਾ ਹੈ। ਇਸ ਦੌਰਾਨ ਬੁਲਾਰਿਆਂ ਨੇ ਬਠਿੰਡਾ ਵਿਖੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਪੰਜਾਬ ਪੁਲਿਸ ਵੱਲੋਂ ਜਬਰ ਢਾਹੁਣ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਦਾ ਵਿਰੋਧ ਕੀਤਾ। ਉਨ੍ਹਾਂ ਮੰਗ ਕੀਤੀ ਕਿ ਬਿਜਲੀ-ਬੀਜ ਬਿਲ ਰੱਦ ਕੀਤਾ ਜਾਵੇ, ਮਨਰੇਗਾ ਨੂੰ ਲਾਗੂ, ਕੱਚੇ ਮੁਲਾਜ਼ਮਾਂ ਨੂੰ ਪੱਕੇ, ਕਿਰਤ ਕਾਨੂੰਨ ਅਤੇ ਸਭ ਲਈ ਪੈਨਸ਼ਨ ਬਹਾਲ ਕੀਤੀ ਜਾਵੇ ਆਦਿ। ਉਨ੍ਹਾਂ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਰਕਾਰਾਂ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਵੀ ਦਿੱਤੀ। ਇਸ ਦੌਰਾਨ ਮੰਚ ਸੰਚਾਲਨ ਕਨਵੀਨਰ ਧਰਮਪਾਲ ਸੈਣੀ ਮਾਜਰਾ ਨੇ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਜਿੰਦੂ ਖੋਖਰ, ਬਲਵੀਰ ਸਿੰਘ ਨੂਰਪੁਰ ਬੇਦੀ, ਮੁਲਾਜ਼ਮ ਆਗੂ ਆਰਕੇ ਤਿਵਾੜੀ, ਕਿਸਾਨ ਆਗੂ ਵੀਰ ਸਿੰਘ ਬੜਵਾ, ਰਣਧੀਰ ਸਿੰਘ ਚੱਕਲ, ਬਲਵਿੰਦਰ ਸਿੰਘ ਸਸਕੌਰ, ਕਾਮਰੇਡ ਪਵਨ ਕੁਮਾਰ ਸਰਪੰਚ ਚੱਕਕਰਮਾਂ, ਅਵਤਾਰ ਸਿੰਘ ਸਹੇੜੀ, ਗੁਰਨਾਮ ਸਿੰਘ ਔਲਖ, ਮੁਲਾਜ਼ਮ ਆਗੂ ਜਗਦੀਸ਼ ਕੁਮਾਰ, ਰਣਜੀਤ ਸਿੰਘ ਗਿੱਲ, ਸੁਬਾਈ ਕਿਸਾਨ ਆਗੂ ਕਾਮਰੇਡ ਮੋਹਣ ਸਿੰਘ ਧਮਾਣਾ, ਨਿਰਮਲ ਸਿੰਘ ਲੌਦੀ ਮਾਜਰਾ, ਜਰਨੈਲ ਸਿੰਘ ਘਨੌਲਾ, ਲੰਬੜਦਾਰ ਗੁਰਮੀਤ ਸਿੰਘ ਚੱਕਕਰਮਾਂ, ਗੁਰਬਚਨ ਸਿੰਘ ਮਿੱਠੂ ਹਵੇਲੀ, ਨਰਿੰਦਰ ਪੰਡਿਤ ਰੂਪਨਗਰ, ਦਵਿੰਦਰ ਨੰਗਲੀ, ਸੁਖਵੀਰ ਸਿੰਘ ਸੁੱਖਾ, ਸ਼ਮਸ਼ੇਰ ਸਿੰਘ ਹਵੇਲੀ, ਪਰਮਿੰਦਰ ਸਿੰਘ, ਸਰਬਜੀਤ ਕੌਰ ਆਦਿ ਨੇ ਸੰਬੋਧਨ ਕੀਤਾ।