ਆਪਰੇਸ਼ਨ ਪ੍ਰਹਾਰ-2: ਪੁਲਿਸ ਨੇ ਵਿੱਢੀ ਗੈਂਗਸਟਰਾਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਹਿੰਮ
ਆਪਰੇਸ਼ਨ ਪ੍ਰਹਾਰ-2: ਰੂਪਨਗਰ ਪੁਲਿਸ ਨੇ ਵਿੱਢੀ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਹਿੰਮ
Publish Date: Mon, 09 Feb 2026 07:19 PM (IST)
Updated Date: Tue, 10 Feb 2026 04:09 AM (IST)

ਜ਼ਿਲ੍ਹੇ ਚ 08 ਮੁਕੱਦਮੇ ਦਰਜ ਕਰ ਕੇ 12 ਵਿਅਕਤੀ ਕੀਤੇ ਗ੍ਰਿਫ਼ਤਾਰ, 87 ਚਲਾਨ ਤੇ 1 ਭਗੌੜਾ ਗ੍ਰਿਫ਼ਤਾਰ : ਐੱਸਐੱਸਪੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ‘ਤੇ ਵਾਰ ਆਪਰੇਸ਼ਨ ਪ੍ਰਹਾਰ-2 ਤਹਿਤ ਸੋਮਵਾਰ ਨੂੰ ਰੂਪਨਗਰ ਪੁਲਿਸ ਨੇ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਹੈ, ਰੂਪਨਗਰ ਸ਼ਹਿਰ ਨੇੜਲੇ ਸਦਾਬਰਤ ਵਿਖੇ ਇਸ ਮੁਹਿੰਮ ਦੀ ਅਗਵਾਈ ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ਅਪਰਾਧੀਆਂ ਵਿਚ ਡਰ ਪੈਦਾ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਇਕੱਠੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਿਆਂ ਸ਼ੱਕੀ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ। ਸਾਰੇ ਹਿਰਾਸਤ ਵਿਚ ਲਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅਪਰਾਧਿਕ ਨੈੱਟਵਰਕ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਆਈਜੀ ਰੂਪਨਗਰ ਰੇਂਜ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਤੰਗ-ਪਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਹਰ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਵੱਲੋਂ ਮੀਡੀਆ ਸਾਥੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖ਼ਬਰ ਜਾਂ ਅਫ਼ਵਾਹ ਤੋਂ ਦੂਰ ਰਹਿਣ ਅਤੇ ਹਰ ਜਾਣਕਾਰੀ ਨੂੰ ਪੁਸ਼ਟੀ ਕਰਨ ਤੋਂ ਬਾਅਦ ਹੀ ਪ੍ਰਸਾਰਿਤ ਕੀਤਾ ਜਾਵੇ। ਬਿਨਾ ਤਸਦੀਕ ਕੀਤੀਆਂ ਖ਼ਬਰਾਂ ਸਾਂਝੀਆਂ ਕਰਨ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਸਮਾਜ ’ਚ ਗਲਤ ਫ਼ਹਿਮੀ ਨਾ ਫੈਲੇ। ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿਚ 08 ਮੁਕੱਦਮੇ ਦਰਜ ਕਰਕੇ 12 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। ਇਸ ਤੋਂ ਇਲਾਵਾ 87 ਚਲਾਨ ਤੇ 01 ਭਗੌੜਾ ਵਿਅਕਤੀ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਐੱਸਪੀ ਅਰਵਿੰਦ ਮੀਨਾ, ਡੀਐਸਪੀ ਜਤਿੰਦਰ ਚੌਹਾਨ, ਡੀਐਸਪੀ ਰਾਜਪਾਲ ਸਿੰਘ ਗਿੱਲ, ਡੀਐਸਪੀ ਗੱਬਰ ਸਿੰਘ, ਡੀਐਸਪੀ ਕੁਲਭੂਸ਼ਨ, ਐੱਸਐੱਚਓ ਪਵਨ ਚੌਧਰੀ, ਐੱਸਐੱਚਓ ਸੰਨੀ ਖੰਨਾ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।