ਜੇਲ੍ਹਾਂ ’ਚ ਬੰਦ ਮੁਲਾਜ਼ਮਾਂ ਦੀ ਰਿਹਾਈ ਲਈ ਕਾਮਿਆਂ ਵੱਲੋਂ ਗੇਟ ਰੈਲੀ, ਕੀਤਾ ਰੋਸ ਪ੍ਰਦਰਸ਼ਨ
ਸਰਕਾਰ ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰਨ ਲਈ ਰੋਡਵੇਜ ਨੂੰ ਖਤਮ ਕਰਨ ਦੇ ਰਾਹ ਤੁਰੀ: ਆਗੂ
Publish Date: Mon, 09 Feb 2026 04:59 PM (IST)
Updated Date: Tue, 10 Feb 2026 04:03 AM (IST)

ਸਰਕਾਰ ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰਨ ਲਈ ਰੋਡਵੇਜ ਨੂੰ ਖਤਮ ਕਰਨ ਦੇ ਰਾਹ ਤੁਰੀ: ਆਗੂ ਮੁਲਾਜ਼ਮਾਂ ਦੀ ਰਿਹਾਈ ਦੇ ਲਈ 12 ਫਰਵਰੀ ਤੋ ਮੁਕੰਮਲ ਚੱਕਾ ਜਾਮ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਤੇ ਧਰਨਾ: ਕੁਲਵੰਤ ਹੈਪੀ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਰੋਡਵੇਜ਼ ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੋਮਵਾਰ ਨੂੰ ਪੰਜਾਬ ਰੋਡਵੇਜ ਰੂਪਨਗਰ ਡਿੱਪੂ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਭਗਤ ਸਿੰਘ ਭਗਤਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਪਿਛਲੇ ਦੋ ਦਹਾਕੇ ਤੋਂ ਕੰਟਰੈਕਟ, ਆਊਟਸੋਰਸ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਵੀਂ ਦਲਦਲ ਜਿਸ ਨੂੰ ਸਪੈਸ਼ਲ ਕਾਡਰ ਪਾਲਸੀ 2023 ਕਹਿ ਕੇ ਫਸਾਉਣ ਵਿਚ ਲੱਗੀ ਹੈ, ਜਿਸ ਵਿਚ ਫਸੇ ਅਧਿਆਪਕਾਂ ਵਲੋਂ ਪਹਿਲਾ ਹੀ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਟਰਾਂਸਪੋਰਟ ਵਿਭਾਗ ਨੂੰ ਚਲਾਉਣ ਸਮੇਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਵਿਚ ਫੇਲ ਸਾਬਿਤ ਹੋ ਚੁੱਕੀ ਹੈ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੁਲੀਸ ਪ੍ਰਸ਼ਾਸਨ ਦੀ ਵਰਤੋਂ ਕਰਕੇ ਲੋਕਾਂ ਦੀ ਅਵਾਜ਼ ਦਬਾਉਣ ਵਿਚ ਲੱਗੀ ਹੋਈ ਹੈ। ਸਰਕਾਰ ਕਾਰਪੋਰੇਟ ਘਰਾਣਿਆ ਦੀ ਸਰਕਾਰ ਬਣ ਚੁੱਕੀ ਹੈ ਜ਼ੋ ਕਿ ਆਮ ਆਦਮੀ ਦਾ ਚਿਹਰਾ ਦਿਖਾਕੇ ਪੰਜਾਬ ਦੇ ਵਿਚ ਆਪਣੀ ਸੱਤਾ ਕਾਇਮ ਕਰਕੇ ਹੁਣ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਰਦੇ ਸੀ ਕਿ ਕਾਰਪੋਰੇਟ ਘਰਾਣਿਆਂ ਨੂੰ ਖਤਮ ਕਰ ਦੇਵਾਂਗੇ ਸਾਰੇ ਰੂਟਾ ਤੇ ਸਰਕਾਰੀ ਬੱਸਾਂ ਚੱਲਣਗੀ ਲੋਕ ਸਰਕਾਰੀ ਬੱਸਾਂ ਦੇ ਹਾਰਨ ਨੂੰ ਸੁਣ ਕੇ ਚਾਹ ਧਰਿਆ ਕਰਨਗੇ ਉਹ ਗੱਲ ਬਿਲਕੁੱਲ ਝੂਠੀਆ ਸਾਬਤ ਹੋਇਆ ਹਨ। ਡਿਪੂ ਪ੍ਰਧਾਨ ਕੁਲਵੰਤ ਸਿੰਘ ਹੈਪੀ ਤੇ ਸਕੱਤਰ ਗੁਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਮੰਗਾਂ ਦਾ ਹੱਲ ਕਰਨ ਦੇ ਲਈ ਕਮੇਟੀਆਂ ਦਾ ਗਠਿਤ ਕਰ ਕੇ ਇੱਕ ਸਮਾਂ ਟਪਾਉਣ ਦੀ ਨੀਤੀ ਅਪਣਾ ਰਹੀ ਸੀ 4 ਸਾਲ ਬੀਤ ਚੁੱਕੇ ਹਨ ਇੱਕ ਵੀ ਨਵੀਂ ਸਰਕਾਰੀ ਬੱਸ ਨਹੀਂ ਪਈ ਗਈ ਉਲਟਾ ਜਿਹੜੀਆਂ ਬੱਸਾਂ ਮੌਜੂਦ ਹਨ। ਉਨ੍ਹਾਂ ਨੂੰ ਟਾਇਰਾਂ ਸਪੇਅਰ ਪਾਰਟ ਤੋਂ ਡਿਪੂਆਂ ਵਿਚ ਸ਼ਿੰਗਾਰ ਬਣਾਇਆ ਹੋਇਆ ਹੈ। ਕਰਾਪੋਰੇਟ ਘਾਰਣਿਆ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਹੁਣ ਪ੍ਰਾਈਵੇਟ ਮਾਲਕਾਂ ਨੂੰ ਫਾਇਦਾ ਦੇਣ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਟਰਾਂਸਪੋਰਟ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਗਈ ਹੈ, ਜਿਸਦਾ ਜਥੇਬੰਦੀ ਪੂਰਨ ਜ਼ੋਰ ਵਿਰੋਧ ਕਰਦੀ ਆਈ ਹੈ। ਆਗੂਆਂ ਨੇ ਕਿਹਾਕਿ ਪਿਛਲੇ ਦਿਨੀਂ ਵਿਰੋਧ ਕਰਦੇ ਮੁਲਾਜ਼ਮਾ ਨੂੰ ਚੁੱਕ ਕੇ ਸੰਗਰੂਰ ਅਤੇ ਪਟਿਆਲੇ ਵਿਚ 307 ਦੇ ਪਰਚੇ ਦਰਜ਼ ਕੀਤੇ ਗਏ ਹਨ ਅਜੈ ਤੱਕ ਰਿਹਾਅ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚ ਡੱਕੇ ਆਗੂਆਂ ਦੇ ਰੋਸ ਵਜੋਂ 11 ਫਰਵਰੀ ਨੂੰ ਬਾਅਦ ਦੁਪਹਿਰ ਤੋ ਸ਼ਾਮ ਤੱਕ ਬੱਸਾਂ ਬੰਦ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਤੇ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ ਤੇ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਜੀਤ ਸਿੰਘ, ਵਰਕਸ਼ਾਪ ਪ੍ਰਧਾਨ ਗਗਨ ਕੁਮਾਰ, ਕੈਸ਼ੀਅਰ ਸੁਖਵਿੰਦਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ ਆਦਿ ਆਗੂ ਹਾਜ਼ਰ ਸਨ।