ਮਾਪਿਆਂ ਦੀ ਸਹਿਯੋਗ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਸੰਭਵ : ਜਤਿੰਦਰ ਕੁਮਾਰ
ਸਰਕਾਰੀ ਪ੍ਰਾਇਮਰੀ ਸਕੂਲ ਮਾਣੇਮਾਜਰਾ ਵਿਖੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ
Publish Date: Sun, 08 Feb 2026 03:40 PM (IST)
Updated Date: Mon, 09 Feb 2026 03:59 AM (IST)

ਸਰਕਾਰੀ ਪ੍ਰਾਇਮਰੀ ਸਕੂਲ ਮਾਣੇਮਾਜਰਾ ਵਿਖੇ ਮਾਪਿਆਂ ਦੀ ਵਰਕਸ਼ਾਪ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਪ੍ਰੀਖਿਆ ਦੀ ਤਿਆਰੀ ਵਿਚ ਮਾਪਿਆਂ ਦੀ ਅਹਿਮ ਭੂਮਿਕਾ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਵਿੰਦਰਪਾਲ ਸਿੰਘ ਬੇਦੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਾਣੇਮਾਜਰਾ ਵਿਖੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਭਾਗ ਲਿਆ।ਵਰਕਸ਼ਾਪ ਦੌਰਾਨ ਮਾਪਿਆਂ ਨੂੰ ਸੰਬੋਧਨ ਕਰਦਿਆਂ ਅਧਿਆਪਕਾਂ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਬੱਚੇ ਸਿਰਫ਼ ਸਕੂਲ ਵਿਚ ਹੀ ਨਹੀਂ, ਸਗੋਂ ਘਰ ਦੇ ਰੋਜ਼ਾਨਾ ਮਾਹੌਲ ਵਿਚ ਵੀ ਸਿੱਖਦੇ ਹਨ। ਘਰ ਵਿਚ ਸ਼ਾਂਤ, ਸੁਹਾਵਣਾ ਅਤੇ ਹੌਸਲਾ ਵਧਾਉਣ ਵਾਲਾ ਮਾਹੌਲ ਬੱਚਿਆਂ ਨੂੰ ਨਿਡਰ ਹੋ ਕੇ ਪੜ੍ਹਾਈ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਘਰ ਵਿਚ ਪੜ੍ਹਾਈ ਲਈ ਉਚਿਤ ਮਾਹੌਲ ਬਣਾਉਣ, ਬੱਚਿਆਂ ਵਿਚ ਵਿਸ਼ਵਾਸ ਪੈਦਾ ਕਰਨ ਅਤੇ ਤਣਾਅ ਤੋਂ ਦੂਰ ਰੱਖਣ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਅਧਿਆਪਕ ਜਤਿੰਦਰ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਸਿਰਫ਼ ਸਕੂਲ ਦੀ ਹੀ ਨਹੀਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ, ਜੇ ਮਾਪੇ ਬੱਚਿਆਂ ਨੂੰ ਪਿਆਰ, ਭਰੋਸਾ ਅਤੇ ਸਮਾਂ ਦੇਣ, ਤਾਂ ਹਰ ਬੱਚਾ ਆਪਣੀ ਸਮਰੱਥਾ ਅਨੁਸਾਰ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਹੈ। ਮਾਪਿਆਂ ਦਾ ਸਾਥ ਹੀ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਨੀਂਹ ਹੁੰਦਾ ਹੈ।ਇਸ ਵਰਕਸ਼ਾਪ ਦੌਰਾਨ ਰਾਜਵੀਰ ਸਿੰਘ, ਸੁਰਿੰਦਰਪਾਲ ਸਿੰਘ ਬੰਟੀ, ਅਧਿਆਪਿਕਾ ਸੰਗੀਤਾ ਰਾਣੀ, ਰੰਜਨਾ, ਅਨੀਸ਼ਾ ਕੌਰ, ਸ਼ਾਲੂ, ਕੰਚਨ ਠਾਕੁਰ, ਰਸ਼ਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।