ਅਤਿ-ਆਧੁਨਿਕ ਤਕਨੀਕਾਂ ਰਾਹੀਂ ਆਲੂ ਬੀਜ ਤਿਆਰ ਕਰਨਾ ਸਮੇਂ ਦੀ ਅਹਿਮ ਲੋੜ : ਡਾ. ਰਤਨ
ਮਿਆਰੀ ਆਲੂ ਬੀਜ ਦੀ ਪੈਦਾਵਾਰ ਲਈ ਬਾਗਬਾਨੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਉਤਸ਼ਾਹਿਤ
Publish Date: Sun, 08 Feb 2026 03:37 PM (IST)
Updated Date: Mon, 09 Feb 2026 03:59 AM (IST)

ਮਿਆਰੀ ਬੀਜ ਦੀ ਪੈਦਾਵਾਰ ਲਈ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਕਰ ਰਿਹੈ ਉਤਸ਼ਾਹਿਤ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਬਾਗਬਾਨੀ ਵਿਭਾਗ ਰੂਪਨਗਰ ਵਲੋਂ ਜ਼ਿਲ੍ਹੇ ਵਿਚ ਆਲੂਆਂ ਦਾ ਰਕਬਾ ਮਿਆਰੀ ਆਲੂ ਬੀਜ ਅਧੀਨ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਰੂਪਨਗਰ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਵਿੱਚੋਂ ਆਲੂ ਇੱਕ ਅਹਿਮ ਫ਼ਸਲ ਹੈ ਅਤੇ ਜ਼ਿਲ੍ਹੇ ਵਿਚ ਆਲੂਆਂ ਅਧੀਨ ਰਕਬਾ ਵੀ ਸਭ ਤੋਂ ਵੱਧ ਹੈ, ਪ੍ਰੰਤੂ ਇਹ ਰਕਬਾ ਪ੍ਰਮਾਣਿਤ ਬੀਜ ਅਧੀਨ ਨਾ ਹੋਣ ਕਰਕੇ ਜਿੱਥੇ ਆਲੂਆਂ ਦੀ ਪੈਦਾਵਾਰ ਘੱਟ ਹੈ ਉੱਥੇ ਨਾਲ ਹੀ ਕੁਆਲਿਟੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਪ੍ਰਤੀ ਜਾਗਰੂਕਤਾ ਘੱਟ ਹੋਣ ਕਰਕੇ ਕਿਸਾਨਾਂ ਵਲੋਂ ਆਲੂ ਪੈਦਾ ਕਰਨ ਲਈ ਮਿਆਰੀ ਆਲੂ ਬੀਜ ਦੀ ਵਰਤੋਂ ਕਰਨ ਤੇ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸ ਲਈ ਵਿਭਾਗ ਵਲੋਂ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬਲਾਕ ਰੂਪਨਗਰ, ਨੂਰਪੁਰਬੇਦੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਸਾਨਾਂ ਦੀ ਆਲੂਆਂ ਦੇ ਸੈਂਟਰ ਆਫ ਐਕਸੀਲੈਂਸ, ਧੋਗੜੀ, ਜਲੰਧਰ ਵਿਖੇ ਇਕ ਦਿਨਾਂ ਐਕਸਪੋਜ਼ਰ ਵਿਜ਼ਿਟ ਆਯੋਜਿਤ ਕੀਤੀ ਹੈ। ਬਾਗਬਾਨੀ ਵਿਕਾਸ ਅਫ਼ਸਰ (ਸਬਜ਼ੀ) ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਆਲੂਆਂ ਦੀ ਸਫਲ ਖੇਤੀ ਆਲੂ ਬੀਜ ਤੇ ਨਿਰਭਰ ਕਰਦੀ ਹੈ। ਟਿਸ਼ੂ ਕਲਚਰ ਅਤੇ ਐਰੋਪੋਨਿਕ ਜਿਹੀਆਂ ਅਤਿ ਆਧੁਨਿਕ ਤਕਨੀਕਾਂ ਰਾਹੀਂ ਬਿਮਾਰੀ ਰਹਿਤ ਖ਼ਾਸ ਕਰਕੇ ਵਿਸ਼ਾਣੂ ਰਹਿਤ ਆਲੂ ਬੀਜ ਤਿਆਰ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਖੇ ਆਲੂ ਬੀਜ ਤਿਆਰ ਕਰਨ ਲਈ ਵਰਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਆਧੁਨਿਕ ਤਕਨੀਕਾਂ ਨੂੰ ਕਿਸਾਨਾਂ ਪ੍ਰਤੀ ਜਾਗਰੂਕ ਕਰਨਾ ਹੀ ਇਸ ਦੌਰੇ ਦਾ ਮੁੱਖ ਮਕਸਦ ਹੈ। ਕਿਸਾਨਾਂ ਨੂੰ ਸੈਂਟਰ ਦਾ ਦੌਰਾ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਸ ਸੈਂਟਰ ਵਿਖੇ ਟਿਸ਼ੂ ਕਲਚਰ ਲੈਬ ਸਥਾਪਿਤ ਕੀਤੀ ਹੋਈ ਹੈ ਜਿਸ ਵਿਚ ਆਲੂਆਂ ਦੇ ਬੂਟੇ ਤਿਆਰ ਕਰਨ ਉਪਰੰਤ ਇਹ ਬੂਟੇ ਐਰੋਪੋਨਿਕ ਯੂਨਿਟ ਤੇ ਨੈੱਟ ਹਾਊਸ ਵਿਚ ਮਿੰਨੀ ਟਿਊਬਰ ਪੈਦਾ ਕਰਨ ਲਈ ਕਿਸਾਨਾਂ ਨੂੰ ਮੁਹਈਆ ਕੀਤੇ ਜਾਂਦੇ ਹਨ। ਇਸ ਮੌਕੇ ਕਿਸਾਨਾਂ ਨੂੰ ਸੈਂਟਰ ਵਿਖੇ ਐਰੋਪੋਨਿਕ ਯੂਨਿਟ, ਨੈੱਟ ਹਾਊਸ, ਛੋਟਾ ਕੋਲਡ ਸਟੋਰ ਅਤੇ ਆਧੁਨਿਕ ਮਸ਼ੀਨਰੀ ਵੀ ਦਿਖਾਈ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਆਲੂ ਬੀਜ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਨੂੰ ਰਾਸ਼ਨ ਆਲੂ ਦੀ ਬਜਾਏ ਬੀਜ ਆਲੂ ਪੈਦਾ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਮਿਆਰੀ ਆਲੂ ਬੀਜ ਦੀ ਵਿਕਰੀ ਕਰ ਕੇ ਵੱਧ ਮੁਨਾਫ਼ਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਆਲੂਆਂ ਦੇ ਬੂਟਿਆਂ ਤੋਂ ਆਲੂ ਬੀਜ (ਮਿਨੀ ਟਿਊਬਰ) ਤਿਆਰ ਕਰਨ ਲਈ ਲੋੜੀਂਦੇ ਨੈੱਟ ਹਾਊਸ ਯੂਨਿਟ ਤੇ ਵਿਭਾਗ ਵਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ 50 ਫ਼ੀਸਦੀ ਸਬਸਿਡੀ ਦੀ ਵਿਵਸਥਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋਜੈਕਟ ਅਫ਼ਸਰ ਡਾ. ਦਮਨਦੀਪ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਸ਼੍ਰੀ ਅਨੰਦਪੁਰ ਸਾਹਿਬ ਡਾ. ਭਾਰਤ ਭੂਸ਼ਣ, ਬਾਗਬਾਨੀ ਵਿਕਾਸ ਅਫ਼ਸਰ ਨੂਰਪੁਰਬੇਦੀ ਡਾ. ਯੁਵਰਾਜ ਦੇ ਨਾਲ-ਨਾਲ ਸਬ ਇੰਸਪੈਕਟਰ ਮੱਖਣ ਸਿੰਘ ਅਤੇ ਸੁਮੇਸ਼ ਕੁਮਾਰ ਵੀ ਹਾਜ਼ਰ ਸਨ।