ਮੋਰਿੰਡਾ ’ਚ ਲੱਗਦੇ ਜਾਮ ਤੋਂ ਲੋਕ ਪਰੇਸ਼ਾਨ, ਟਰੈਫਿਕ ਮੁਲਾਜ਼ਮਾਂ ਦੀ ਤੈਨਾਤੀ ਦੀ ਮੰਗ
ਮੋਰਿੰਡਾ ’ਚ ਲੱਗਦੇ ਜਾਮ ਤੋਂ ਲੋਕ ਪਰੇਸ਼ਾਨ, ਪੁਲਿਸ ਜਾਪਦੀ ਨਾਕਾਮ
Publish Date: Sun, 01 Feb 2026 06:40 PM (IST)
Updated Date: Mon, 02 Feb 2026 04:11 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਚ ਟ੍ਰੈਫਿਕ ਪ੍ਰਬੰਧਾਂ ਅਤੇ ਟ੍ਰੈਫਿਕ ਕਰਮਚਾਰੀਆਂ ਦੀ ਘਾਟ ਕਾਰਨ ਨਿਤ ਦਿਨ ਕਈ ਕਿਲੋਮੀਟਰ ਤੱਕ ਟਰੈਫਿਕ ਜਾਮ ਲੱਗਣਾ ਆਮ ਗੱਲ ਹੋ ਗਈ ਹੈ। ਸ਼ਹਿਰ ਵਿਚ ਮੋਰਿੰਡਾ ਟ੍ਰੈਫਿਕ ਪੁਲਿਸ ਅਕਸਰ ਗਾਇਬ ਰਹਿੰਦੀ ਹੈ ਅਤੇ ਸ਼ਹਿਰੀ ਪੁਲਿਸ ਵੀ ਜਾਮ ਦੀ ਸਮੱਸਿਆ ਦਾ ਹੱਲ੍ਹ ਕਰਨ ਵਿਚ ਨਾਕਾਮ ਦਿਖਾਈ ਦੇ ਰਹੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿਚ ਟ੍ਰੈਫਿਕ ਪੁਲਿਸ ਦੀ ਤੈਨਾਤੀ ਅਤੇ ਟ੍ਰੈਫਿਕ ਮੁਲਾਜ਼ਮਾਂ ਦੀ ਗਿਣਤੀ ਵਿਚ ਤੁਰੰਤ ਵਾਧਾ ਕੀਤਾ ਜਾਵੇ। ਮੋਰਿੰਡਾ ਸ਼ਹਿਰ ਦੀ ਅਬਾਦੀ ਲਗਭਗ 35 ਹਜ਼ਾਰ ਦੇ ਕਰੀਬ ਹੈ ਪ੍ਰੰਤੂ ਕਈ ਕਿਲੋਮੀਟਰਾਂ ਤੱਕ ਵਸੇ ਸ਼ਹਿਰ ਵਿਚ ਸਿਰਫ ਦੋ ਹੀ ਟ੍ਰੈਫਿਕ ਮੁਲਾਜ਼ਮ ਹਨ ਜੋ ਕਿ ਡਿਊਟੀ ਬਾਹਰ ਲੱਗਣ ਕਾਰਨ ਅਕਸਰ ਦਿਖਾਈ ਹੀ ਨਹੀਂ ਦਿੰਦੇ। ਸ਼ਹਿਰ ਵਿਚ ਰੋਜ਼ਾਨਾ ਲੱਗਦੇ ਘੰਟਿਆਂ ਬੱਧੀ ਜਾਮ ਕਾਰਨ ਜਿੱਥੇ ਟ੍ਰੈਫਿਕ ਵਿਚ ਫਸੇ ਵਾਹਨ ਚਾਲਕ ਪ੍ਰੇਸ਼ਾਨ ਹੁੰਦੇ ਹਨ, ਉੱਥੇ ਹੀ ਮੁੱਖ ਮਾਰਗਾਂ ਸਮੇਤ ਸ਼ਹਿਰ ਮੁੱਖ ਚੌਰਾਹਿਆਂ ਦੇ ਨਾਲ ਨਾਲ ਬੈਠੇ ਦੁਕਾਨਦਾਰ ਜਾਮ ਕਾਰਨ ਗ੍ਰਾਹਕਾਂ ਦੇ ਨਾ ਆਉਣ ਕਾਰਨ ਹੋ ਰਹੀ ਮੰਦੀ ਤੋਂ ਪ੍ਰੇਸ਼ਾਨ ਹੀ ਨਹੀਂ ਸਗੋਂ ਪ੍ਰਸ਼ਾਸਨ ਤੋਂ ਵੀ ਨਰਾਜ਼ ਦਿਖਾਈ ਦਿੰਦੇ ਹਨ। ਮੋਰਿੰਡਾ ਰਾਹੀਂ ਚੰਡੀਗੜ੍ਹ-ਮੋਹਾਲੀ ਜਾਣ ਵਾਲੇ ਮਰੀਜ਼ਾਂ ਨੂੰ ਵੀ ਇਸ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਪੀਜੀਆਈ, ਸੈਕਟਰ-16 ਹਸਪਤਾਲ ਆਦਿ ਅਤੇ ਮੋਹਾਲੀ ਦੇ ਵੱਡੇ ਹਸਪਤਾਲਾਂ ਨੂੰ ਜਾਣ ਵਾਲੇ ਮਰੀਜ਼ਾਂ ਲਈ ਵੀ ਨੇੜੇ ਦਾ ਇੱਕ ਇਹੋ ਰਸਤਾ ਹੈ। ਇਨ੍ਹਾਂ ਮਰੀਜ਼ਾਂ ਦੇ ਜਾਮ ਵਿਚ ਫਸਣ ਕਾਰਨ ਕਦੇ ਵੀ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ। ਇਸੇ ਤਰ੍ਹਾਂ ਟ੍ਰੈਕਟਰ-ਟ੍ਰਾਲੀ ਰਾਹੀਂ ਸ਼ੂਗਰ ਮਿੱਲ ਵਿਖੇ ਗੰਨਾ ਲੈ ਕੇ ਆਉਣ-ਜਾਣ ਵਾਲੇ ਕਿਸਾਨਾਂ ਨੂੰ ਵੀ ਜਾਮ ਵਿਚ ਫਸ ਜਾਣ ਕਾਰਨ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਸ ਸਬੰਧੀ ਐਨਆਰਆਈ ਜਗਰਾਜ ਸਿੰਘ ਮਾਨਖੇੜੀ, ਸ਼ੂਗਰ ਮਿੱਲ ਮੋਰਿੰਡਾ ਦੇ ਸਾਬਕਾ ਚੇਅਰਮੈਨ ਅਰਵਿੰਦਰ ਸਿੰਘ ਰੰਗੀ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਬਲਦੇਵ ਸਿੰਘ ਚੱਕਲ, ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਲਾਕ ਪ੍ਰਧਾਨ ਜਰਨੈਲ ਸਿੰਘ ਸਰਹਾਣਾ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ ਤੇ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਯੂਥ ਆਗੂ ਲਖੀ ਸ਼ਾਹ, ਮਜੀਦ ਮੋਨੂ ਖਾਨ, ਸਵਰਨਕਾਰ ਸੰਘ ਦੇ ਆਗੂ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਗੋਲਡੀ ਪੁਰੀ, ਤੇਜਿੰਦਰ ਕੁਮਾਰ ਬਿੱਟੂ, ਬਿੱਟੂ ਧੀਮਾਨ ਅਤੇ ਕਰਮ ਸਿੰਘ ਆਦਿ ਇਲਾਕਾ ਵਾਸੀਆਂ ਨੇ ਕਿਹਾ ਕਿ ਮੋਰਿੰਡਾ ਸ਼ਹਿਰ ਵਿਚੋਂ ਗੁਜਰਦੇ ਤੇਜ਼ ਰਫਤਾਰ ਦਰਜਨਾਂ ਟਿੱਪਰ ਟ੍ਰੈਫਿਕ ਵਿਚ ਵਿਘਨ ਪਾਉਣ ਦੇ ਨਾਲ ਨਾਲ ਲੋਕਾਂ ਵਿਚ ਖੌਫ ਦਾ ਕਾਰਨ ਬਣਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਭਾਰੀ ਵਾਹਨਾਂ ਅਤੇ ਟਿੱਪਰਾਂ ਦਾ ਸ਼ਹਿਰ ਵਿਚ ਦਿਨ ਦੇ ਸਮੇਂ ਦਾਖਲਾ ਬੰਦ ਕੀਤਾ ਜਾਵੇ। ਇਸ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਨੇ ਐੱਸਐੱਸਪੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਘੱਟੋ-ਘੱਟ ਸ਼ਹਿਰ ਦੇ ਮੁੱਖ ਮਾਰਗਾਂ, ਚੌਰਾਹਿਆਂ, ਖੂਹ ਵਾਲਾ ਚੌਕ, ਗੁਰਦੁਆਰਾ ਚੌਕ ਅਤੇ ਬੱਸ ਸਟੈਂਡ ਦੇ ਨੇੜੇ ਟ੍ਰੈਫਿਕ ਮੁਲਾਜ਼ਮਾਂ ਦੀ ਪੱਕੇ ਤੌਰ ’ਤੇ ਤੈਨਾਤੀ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਚਲ ਸਕੇ ਅਤੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ।