ਕਾਂਗਰਸ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿਲ ਆਉਣ ਵਿਰੁੱਧ ਕਾਂਗਰਸ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Publish Date: Thu, 29 Jan 2026 06:37 PM (IST)
Updated Date: Fri, 30 Jan 2026 04:10 AM (IST)

ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿਲ ਆਉਣ ਵਿਰੁੱਧ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕਾਂਗਰਸ ਸਰਕਾਰ ਸਮੇਂ ਮਾਫ਼ ਕੀਤੇ ਵਾਟਰ ਸਪਲਾਈ ਦੇ ਬਿਲਾਂ ਨੂੰ ਪੰਚਾਇਤੀ ਵਿਭਾਗ ਵੱਲੋਂ ਜ਼ਿਲ੍ਹੇ ਦੇ 144 ਪਿੰਡਾਂ ਨੂੰ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਵਿਚੋਂ ਬਿਲ ਭਰਾਉਣ ਲਈ ਬਣਾਏ ਜਾ ਰਹੇ ਦਬਾਅ ਦੇ ਵਿਰੋਧ ਵਿਚ ਹਲਕਾ ਸ੍ਰੀ ਚਮਕੌਰ ਸਾਹਿਬ ਤੇ ਰੂਪਨਗਰ ਦੇ ਸਰਪੰਚਾਂ ਤੇ ਕਾਂਗਰਸੀ ਆਗੂਆਂ ਵੱਲੋਂ ਮਿੰਨੀ ਸਕੱਤਰੇਤ ਦੇ ਸਾਹਮਣੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰੂਪਨਗਰ ਵਿਧਾਨ ਸਭਾ ਹਲਕੇ ਤੋਂਂ ਕਾਂਗਰਸ ਪਾਰਟੀ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਅਗਵਾਈ ਵਿਚ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਨਾਮ ‘ਤੇ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਪੰਚਾਇਤੀ ਵਿਭਾਗ ਦੇ ਅਧਿਕਾਰੀ ਪਿੰਡਾਂ ਦੀ ਪੰਚਾਇਤਾਂ ਨੂੰ ਡਰਾ ਧਮਕਾ ਰਹੇ ਹਨ ਤੇ ਵਿੱਤ ਕਮਿਸ਼ਨ ਦੀਆਂ ਗ੍ਰਾਟਾਂ ਵਿਚੋਂ ਪਾਣੀ ਦੀਆ ਟੈਂਕੀਆਂ ਦੇ ਬਿਜਲੀ ਬਿਲਾਂ ਦੀ ਅਦਾਇਗੀ ਕਰਵਾ ਰਹੇ ਹਨ। ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦਿਆਂ ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿਲਾਂ ਦੇ ਸੈਕੜੇ ਕਰੋੜ ਰੁਪਏ ਬਕਾਏ ਮਾਫ ਕਰ ਦਿੱਤੇ ਸਨ ਤੇ ਅੱਗੋਂ ਵੀ ਬਿਲ ਮਾਫ ਕਰ ਦਿੱਤੇ ਸਨ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਬਾਅਦ ਪਿੰਡਾਂ ਦੀਆ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਬਿਲ ਭੇਜ ਦਿੱਤੇ ਹਨ।ਇਹ ਬਿਲ ਪੰਚਾਇਤੀ ਵਿਭਾਗ ਦੁਆਰਾ ਭੇਜੇ ਗਏ ਹਨ ਜਦ ਕਿ ਸਰਕਾਰ ਨੇ ਇਸ ਬਾਰੇ ਕੋਈ ਨੋਟੀਫੀਕੇਸ਼ਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾਕਿ ਆਪਣੇ ਆਪ ਨੂੰ ਭਾਈ ਘਨੱਈਆ ਜੀ ਦੇ ਅਨੁਆਈ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਕਿ ਪਾਣੀਆਂ ਦੇ ਮਸਲੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਸਾਂਝੀਆ ਮੀਟਿੰਗਾਂ ਕਰ ਪੰਜਾਬ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ ਉਥੇ ਹੀ ਪੰਜਾਬ ਦੇ ਪਿੰਡਾਂ ਵਿਚ ਲੱਗੀਆਂ ਪਾਣੀਆ ਦੀਆਂ ਟੈਂਕੀਆਂ ਤੋਂ ਸਪਲਾਈ ਬੰਦ ਕਰਵਾਉਣਾ ਚਾਹੁੰਦੇ ਹਨ।ਉਨਾਂ ਕਿਹਾ ਕਿ ਪ੍ਰਸਾਸ਼ਨ ਨੇ ਇਹ ਮਸਲਾ ਸ਼ਪੱਸ਼ਟ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ ਤੇ ਜੇਕਰ ਦੋ ਦਿਨਾਂ ਵਿਚ ਕੋਈ ਹੱਲ ਨਾਂ ਨਿਕਲਿਆ ਤਾਂ ਉਨਾਂ ਸਰਕਾਰ ਨੂੰ ਘੇਰਨ ਦੀ ਅਗਲੀ ਰੂਪ ਰੇਖਾ ਤਿਆਰ ਕਰਨਗੇ। ਇਸ ਦੌਰਾਨ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਤੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਨੇ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਦੇ ਬਹੁਤੇ ਪਿੰਡਾਂ ਨੂੰ ਲੱਖਾਂ ਰੁਪਏੇ ਦੀ ਅਦਾਇਗੀ ਕਰਨ ਦੇ ਲਈ ਨੋਟਿਸ ਕੱਢੇ ਜਾ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੁੱਦ ਤਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਗ੍ਰਾਂਟ ਨਹੀਂ ਦਿੱਤੀ ਪਰ ਕੇਂਦਰ ਸਰਕਾਰ ਵੱਲੋਂ ਪਿੰਡਾਂ ਨੂੰ ਦਿੱਤੀਆਂ ਗ੍ਰਾਂਟਾ ਵੀ ਚੋੋਰ ਮੋਰੀ ਕਰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਜਿਹੀਆਂ ਹਰਕਤਾਂ ਕਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਬਾਰੇ ਸੋਚ ਰਹੀਆਂ ਹਨ। ਇਸ ਮੌਕੇ ਹਲਕਾ ਚਮਕੌਰ ਸਾਹਿਬ ਅਤੇ ਰੂਪਨਗਰ ਤੋਂ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ, ਬਲਾਕ ਸੰਮਤੀ ਮੈਂਬਰ,ਜ਼ਿਲਾ ਪ੍ਰੀਸ਼ਦ ਮੈਂਬਰ, ਯੂਥ ਕਾਂਗਰਸ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਰਹੇ।