ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ
ਬੇਲਾ ਰੂਪਨਗਰ ਸੜਕ ‘ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ
Publish Date: Thu, 29 Jan 2026 06:07 PM (IST)
Updated Date: Fri, 30 Jan 2026 04:08 AM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਬੇਲਾ-ਰੂਪਨਗਰ ਸੜਕ ‘ਤੇ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਲਈ ਥੋੜਾ ਜਿਹਾ ਮੀਂਹ ਹੀ ਮੁਸੀਬਤ ਬਣ ਜਾਂਦਾ ਹੈ ਏਥੇ ਹੀ ਬਸ ਨਹੀ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਦਕਾਨ ਤੱਕ ਪਹੁੰਚਣਾ ਹੀ ਵੱਡੀ ਪਰੇਸ਼ਾਨੀ ਬਣ ਜਾਂਦਾ ਹੈ। ਦੁਕਾਨਦਾਰ ਨਰਿੰਦਰ ਸਿੰਘ ਸਰਮਾ, ਹਰਿੰਦਰ ਸਿੰਘ ਨੇ ਦੱਸਿਆ ਕਿ ਥੋੜਾ ਜਿਹਾ ਮੀਂਹ ਵੀ ਪੈ ਜਾਵੇ ਤਾਂ ਸੜਕ ‘ਤੇ ਕਈ ਦਿਨ ਪਾਣੀ ਖੜਾ ਰਹਿੰਦਾ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਹੀ ਦੁਕਾਨ ਵਿਚ ਜਾਣ ਮੌਕੇ ਭਾਰੀ ਸਮੱਸਿਆ ਆਉਂਦੀ ਹੈ। ਪਾਣੀ ਖੜੇ ਰਹਿਣ ਨਾਲ ਜਿੱਥੇ ਸੜਕ ਟੁੱਟਦੀ ਹੈ ਉੱਥੇ ਗ੍ਰਾਹਕ ਵੀ ਨਹੀਂ ਆਉਂਦਾ। ਉਨ੍ਹਾਂ ਦੱਸਿਆ ਕਿ ਅਸੀਂ ਪ੍ਰਸ਼ਾਸਨ ਤੋਂ ਕਈ ਵਾਰ ਮੰਗ ਕਰ ਚੁੱਕੇ ਹਾਂ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਤੇ ਅਸੀਂ ਸਾਰੇ ਦੁਕਾਨਦਾਰਾਂ ਵੱਲੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਧਿਆਨ ਵਿਚ ਇਸ ਸਮੱਸਿਆ ਨੂੰ ਲਿਆਂਦਾ ਜਿਸ ‘ਤੇ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਨੇ ਲਗਭਗ ਦੋ ਮਹੀਨੇ ਪਹਿਲਾਂ ਰੂਪਨਗਰ ਬੇਲਾ ਸੜਕ ‘ਤੇ ਲਗਭਗ ਇਕ ਕਿਲੋਮੀਟਰ ਦੇ ਸੀਵਰੇਜ ਪਾਈਪਲਾਈਨ ਪਾਉਣ ਦਾ ਕਹੀ ਨਾਲ ਟੱਕ ਲਾ ਕੇ ਉਦਘਾਟਨ ਕੀਤਾ ਅਤੇ ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਲੱਡੂ ਵੀ ਵੰਡੇ ਗਏ ਕੁਝ ਦਿਨਾਂ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਜੇਸੀਬੀ ਲਗਾ ਕੇ ਬੇਲਾ ਰੂਪਨਗਰ ਸੜਕ ‘ਤੇ ਠੇਕੇ ਦੇ ਕੋਲੋਂ ਪਾਈਪ ਲਾਈਨ ਦੀ ਪੁਟਾਈ ਸ਼ੁਰੂ ਕਰਵਾਈ ਗਈ ਪ੍ਰੰਤੂ ਲਗਭਗ 50/60 ਫੁੱਟ ਪੱਟਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ ਹੈ। ਦੁਕਾਨਦਾਰਾਂ ਨੇ ਕਿਹਾਕਿ ਲਗਭਗ 10 ਦਿਨਾਂ ਤੋਂ ਬਾਅਦ ਪੰਚਾਇਤ ਸੈਕਟਰੀ ਵੱਲੋਂ ਪੁਟਾਈ ਗਈ ਪਾਈਪ ਲਾਈਨ ਦੇ ਵਿਚ ਖੜ ਕੇ ਫੋਟੋਆਂ ਖਿਚਾ ਕੇ ਜਲਦ ਕੰਮ ਸ਼ੁਰੂ ਕਰਨ ਦਾ ਕਿਹਾ ਗਿਆ ਪ੍ਰੰਤੂ ਕੰਮ ਉੱਥੇ ਦਾ ਉੱਥੇ ਹੀ ਰਿਹਾ ਇੱਥੇ ਹੀ ਬੱਸ ਨਹੀਂ ਉਸ ਤੋਂ 10 ਕੁ ਦਿਨ ਬਾਅਦ ਫਿਰ ਪੰਚਾਇਤ ਸੈਕਟਰੀ ਆ ਕੇ ਉਸ ਜਗ੍ਹਾ ਫੋਟੋਆਂ ਖਿਚਾ ਕੇ ਚਲਦਾ ਬਣਿਆ। ਪਿਛਲੇ ਦੋ ਮਹੀਨਿਆਂ ਤੋਂ ਪਾਈਪ ਲਾਈਨ ਵਿਛਾਉਣ ਲਈ ਪੁੱਟੀ ਗਈ ਜਮੀਨ ਐਕਸੀਡੈਂਟ ਹੋਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਜੇਕਰ ਇੱਥੇ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ। ਇਸ ਸਬੰਧੀ ਸਾਬਕਾ ਸਰਪੰਚ ਲਖਵਿੰਦਰ ਸਿੰਘ ਭੂਰਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੇ ਦੋਵੇਂ ਪਾਸੇ ਪਾਈਪ ਲਾਈਨ ਪਾ ਕੇ ਡਰੇਨ ਵਿਚ ਸੁੱਟਣ ਦੀ ਤਰਜੀਹ ਪਾਸ ਕੀਤੀ ਹੋਈ ਸੀ ਅਤੇ ਡਰੇਨ ਤੋਂ ਸਰਕਾਰੀ ਹਾਈ ਸਕੂਲ ਤੱਕ ਪਾਈਪ ਲਾਈਨ ਪਾਈ ਵੀ ਗਈ ਉਸ ਤੋਂ ਬਾਅਦ ਚੋਣ ਜਾਬਤਾ ਲਾਗੂ ਹੋਣ ਕਾਰਨ ਕੰਮ ਅੱਗੇ ਨਹੀਂ ਵਧ ਸਕਿਆ। ਹੁਣ ਇਹ ਪਾਈਪ ਲਾਈਨ ਲੋਕ ਨਿਰਮਾਣ ਵਿਭਾਗ ਪਟਵਾ ਰਿਹਾ ਜਾਂ ਪੰਚਾਇਤ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਜਦੋਂ ਪੰਚਾਇਤ ਸੈਕਟਰੀ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉ੍ਹਨਾਂ ਕਿਹਾ ਕਿ ਇਹ ਕੰਮ ਜੇਈ ਨਰੇਸ਼ ਕੁਮਾਰ ਅਧੀਨ ਚੱਲ ਰਿਹਾ ਹੈ ਤੁਸੀ ਉਨਾਂ ਨਾਲ ਗੱਲਬਾਤ ਕਰੋ। ਜਦੋਂ ਜੇਈ ਨਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਇੱਥੇ ਅੰਡਰਗਰਾਊਂਡ ਪਾਈਪਲਾਈਨ ਪਾਉਣ ਦਾ ਐਸਟੀਮੇਟ ਲਗਾਇਆ ਗਿਆ ਸੀ ਪ੍ਰੰਤੂ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕਰਨ ਕਾਰਨ ਹੁਣ ਇੱਥੇ ਖੁੱਲਾ ਨਾਲਾ ਬਣਵਾਉਣ ਦੀ ਤਜਵੀਜ਼ ਪਾਸ ਕੀਤੀ ਗਈ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਇਸ ਨਾਲੇ ਦਾ ਕੰਮ ਚਾਲੂ ਕਰ ਦਿੱਤਾ ਜਾਵੇਗਾ। ਮੌਜੂਦਾ ਸਰਪੰਚ ਜਤਿੰਦਰ ਪਾਲ ਸਿੰਘ ਨੇ ਦੱਸਿਆ ਸੜਕ ਦੇ ਨਾਲ ਲੱਗਦੀ ਇਹ ਜਮੀਨ ਲੋਕ ਨਿਰਮਾਣ ਵਿਭਾਗ ਦੀ ਹੈ ਅਤੇ ਅਸੀਂ ਉਨ੍ਹਾਂ ਨੂੰ ਪੱਤਰ ਲਿਖ ਕੇ ਇੱਥੇ ਨਾਲਾ ਬਣਾਉਣ ਦੀ ਮਨਜ਼ੂਰੀ ਮੰਗੀ ਗਈ ਹੈ ਜਦੋਂ ਉਨ੍ਹਾਂ ਵੱਲੋਂ ਮਨਜੂਰੀ ਦੇ ਦਿੱਤੀ ਜਾਵੇਗੀ ਤਾਂ ਇਸ ਨਾਲੇ ਦਾ ਕੰਮ ਤੁਰੰਤ ਚਾਲੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਦੁਕਾਨਦਾਰ ਗੁਰਜੀਤ ਸਿੰਘ, ਸੱਜਣ ਸਿੰਘ ਕਾਬੜਵਾਲ,ਵਿਨੋਦ ਕੁਮਾਰ ਬੋਧੀ, ਸੰਜੀਵ ਬਾਂਸਲ, ਹਰਕਰਨ ਸਿੰਘ ਲੌਂਗੀਆ ਸਮੇਤ ਹੋਰ ਕਈ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਨਾਲੇ ਦਾ ਕੰਮ ਤੁਰੰਤ ਚਾਲੂ ਕਰਵਾਇਆ ਜਾਵੇ।