ਸੀਵਰੇਜ ਓਵਰਫਲੋ ਹੋਣ ਕਾਰਨ ਮਰੀਜ਼ ਤੇ ਰਾਹਗੀਰ ਪ੍ਰੇਸ਼ਾਨ
ਮੋਰਿੰਡਾ ਹਸਪਤਾਲ ਦੇ ਮੁੱਖ ਗੇਟ ਕੋਲ ਸੀਵਰੇਜ ਓਵਰਫਲੋ, ਮਰੀਜ਼ ਤੇ ਰਾਹਗੀਰ ਪ੍ਰੇਸ਼ਾਨ
Publish Date: Thu, 29 Jan 2026 05:22 PM (IST)
Updated Date: Fri, 30 Jan 2026 04:05 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਸਰਕਾਰੀ ਹਸਪਤਾਲ ਮੋਰਿੰਡਾ ਦੇ ਮੁੱਖ ਗੇਟ ਕੋਲ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਜਮ੍ਹਾਂ ਹੋ ਗਿਆ ਹੈ। ਇਸ ਦੇ ਕਾਰਨ ਨਾ ਸਿਰਫ ਹਸਪਤਾਲ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੰਘਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਹਸਪਤਾਲ ਦੇ ਅੱਗੇ ਤੋਂ ਜਾਂਦੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ, ਜਿਸ ਦੇ ਕਾਰਨ ਹਾਲਾਤ ਸਿਹਤ ਦੇ ਨਜ਼ਰੀਏ ਤੋਂ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਬਣੇ ਹੋਏ ਹਨ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਖਰੜ ਹਲਕੇ ਦੇ ਕਾਂਗਰਸ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਕੌਂਸਲਰ ਰਾਕੇਸ਼ ਕੁਮਾਰ ਬੱਗਾ ਆਦਿ ਨੇ ਕਿਹਾ ਕਿ ਪਿਛਲੇ ਕਈ ਹਫਤਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜ੍ਹਕ ’ਤੇ ਜਮ੍ਹਾਂ ਹੋ ਰਿਹਾ ਹੈ। ਇਸ ਦੇ ਕਾਰਨ ਪੂਰੇ ਇਲਾਕੇ ਵਿਚ ਭਿਆਨਕ ਬਦਬੂ ਫੈਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀ ਗੰਭੀਰ ਸਮੱਸਿਆ ਦੇ ਬਾਵਜੂਦ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਪੂਰੀ ਤਰ੍ਹਾਂ ਅਣਜਾਣ ਬਣੇ ਹੋਏ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਲਾਈਨ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਇਸ ਦਾ ਸਥਾਈ ਹੱਲ੍ਹ ਕੱਢਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਮਜ਼ਬੂਰਨ ਅੰਦੋਲਨ ਦਾ ਰਾਹ ਅਪਣਾਉਣਗੇ। ਇਸ ਦੌਰਾਨ ਹਸਪਤਾਲ ਜਾਣ ਵਾਲੇ ਕਈ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਮ੍ਹਾਂ ਹੋਏ ਇਸ ਸੀਵਰੇਜ ਦੇ ਗੰਦੇ ਪਾਣੀ ’ਚੋਂ ਲੰਘਣ ਦੌਰਾਨ ਫਿਸਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋਪਹੀਆ ਵਾਹਨ ਚਾਲਕ ਅਕਸਰ ਇੱਥੇ ਤਿਲਕ ਕੇ ਡਿੱਗ ਜਾਂਦੇ ਹਨ ਜਦਕਿ ਪੈਦਲ ਚੱਲਣ ਵਾਲਿਆਂ ਨੂੰ ਕੱਪੜੇ ਆਦਿ ਖਰਾਬ ਹੋਣ ਦੇ ਨਾਲ-ਨਾਲ ਬੀਮਾਰੀਆਂ ਦਾ ਵੀ ਡਰ ਸਤਾਉਂਦਾ ਰਹਿੰਦਾ ਹੈ। ਮੀਂਹ ਪੈਣ ਦੀ ਸਥਿਤੀ ਵਿਚ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ ਕਿਉਂਕਿ ਇਹ ਗੰਦਾ ਪਾਣੀ ਸਾਰੇ ਇਲਾਕੇ ਵਿਚ ਫੈਲ ਜਾਂਦਾ ਹੈ। ਇਸ ਸਬੰਧੀ ਹਸਪਤਾਲ ਦੇ ਐੱਸਐੱਮਓ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਸੀਵਰੇਜ ਓਵਰਫਲੋ ਦੀ ਸਮੱਸਿਆ ਦੂਰ ਕਰਨ ਲਈ ਨਗਰ ਕੌਂਸਲ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ। ਸੀਵਰੇਜ ਬੋਰਡ ਦੇ ਜੇਈ ਪ੍ਰਦੀਪ ਕੁਮਾਰ ਨੇ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਦੇ ਨਿਰਮਾਣ ਕਾਰਜ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਸੀਵਰੇਜ ਮੈਨਹੋਲ ਦੀ ਸਫਾਈ ਕਰ ਕੇ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ।