ਸ਼ਬਦ ਕੀਰਤਨ ਰਾਹੀਂ ਗੂੰਜਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਅਧਿਆਤਮਿਕ ਸੰਦੇਸ਼
ਸ਼ਬਦ ਕੀਰਤਨ ਰਾਹੀਂ ਗੂੰਜਿਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਆਧਿਆਤਮਿਕ ਸੰਦੇਸ਼
Publish Date: Thu, 29 Jan 2026 03:53 PM (IST)
Updated Date: Fri, 30 Jan 2026 04:02 AM (IST)

ਮੋਹਨਮਾਜਰਾ ਵਿਖੇ ਪ੍ਰਕਾਸ਼ ਪੁਰਬ ਨੂੰ ਦੋ ਦਿਨਾ ਧਾਰਮਿਕ ਸਮਾਗਮ ਕਰਵਾਇਆ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਰੂਪਨਗਰ ਦੇ ਪਿੰਡ ਮੋਹਨਮਾਜਰਾ ਦੀ ਧਰਮਸ਼ਾਲਾ ਵਿਖੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਚੰਡੀਗੜ੍ਹ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੋ ਦਿਨਾਂ ਦੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੰਸਥਾਨ ਦੇ ਸੰਚਾਲਕ ਤੇ ਸੰਸਥਾਪਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸਿਸ਼ ਸ਼ੂਰਵੀਰ ਸਿੰਘ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ’ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਜੀਵਨ ਮਨੁੱਖਤਾ ਲਈ ਬਰਾਬਰੀ ਅਤੇ ਪ੍ਰਭੂ ਭਗਤੀ ਦਾ ਇੱਕ ਅਨਮੋਲ ਮਾਰਗ ਦਰਸ਼ਕ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੁੱਤਿਆਂ ਨੂੰ ਜਗਾਉਣ ਲਈ ਸਮੇਂ-ਸਮੇਂ ’ਤੇ ਯੁਗਪੁਰਸ਼ ਧਰਤੀ ’ਤੇ ਆਉਂਦੇ ਹਨ, ਜਿਸ ਨਾਲ ਜਗਤ ਵਿਚ ਉਜਾਲਾ, ਨਵਚੇਤਨਾ ਅਤੇ ਨਵਸਿਰਜਨਾ ਦਾ ਸੰਚਾਰ ਹੁੰਦਾ ਹੈ ਅਤੇ ਅਗਿਆਨਤਾ ’ਚ ਡੁੱਬੇ ਸਮਾਜ ਨੂੰ ਗਿਆਨ ਦੇ ਦੀਪਕ ਨਾਲ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਵੀ ਇੱਕ ਐਸੇ ਹੀ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੇ ਅਧਿਆਤਮ ਦੀ ਪ੍ਰਚੰਡ ਕ੍ਰਾਂਤੀ ਨਾਲ ਰੂੜੀਵਾਦੀ ਸੋਚ ਤੇ ਸਮਾਜਿਕ ਕੁਰੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਮਾਨਵ ਜਾਤੀ ਨੂੰ ਮਾਇਆ ਅਤੇ ਨਿਰਸਵਾਰਥ ਭਾਵ ਤੋਂ ਉੱਪਰ ਉੱਠ ਕੇ ਸੱਚ ਦਾ ਸੰਦੇਸ਼ ਦਿੱਤਾ ਤੇ ਸਮਾਜ ਵਿਚ ਭਾਈਚਾਰਾ ਵਧਾਉਣ ਵਿਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਦੇ ਗੁਰੂ ਭਾਈ ਸੰਤ ਕਬੀਰ ਜੀ ਸਨ ਤੇ ਉਨ੍ਹਾਂ ਦੇ ਗੁਰੂ ਸਵਾਮੀ ਰਾਮਾਨੂੰਦ ਜੀ ਰਹੇ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਰਾਮ, ਕ੍ਰਿਸ਼ਨ, ਕਰੀਮ, ਰਾਘਵ ਆਦਿ ਇੱਕ ਹੀ ਪਰਮੇਸ਼ਵਰ ਦੇ ਅਨੇਕ ਨਾਮ ਹਨ ਅਤੇ ਵੇਦ, ਪੁਰਾਣ, ਕੁਰਾਨ ਆਦਿ ਗ੍ਰੰਥਾਂ ’ਚ ਵੀ ਇਕ ਹੀ ਪਰਮਾਤਮਾ ਦੀ ਮਹਿਮਾ ਗਾਈ ਗਈ ਹੈ। ਇਸ ਮੌਕੇ ਹਰਦੀਪ ਸਿੰਘ ਅਤੇ ਜਸਪਾਲ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਗੁਰੂ ਜੀ ਦੇ ਜੀਵਨ ਫਲਸਫੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਦੀ ਸਮਾਪਤੀ ਮੌਕੇ ਸੰਸਥਾਨ ਦੇ ਸੰਚਾਲਕ ਸ਼ੂਰਵੀਰ ਸਿੰਘ ਤੇ ਕੀਰਤਨੀਆਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਹਾਜ਼ਰ ਸੀ।