ਤਪ ਅਸਥਾਨ ਬਾਬਾ ਅਮਰਨਾਥ ਸੰਗਤ ਲਈ ਸ਼ਰਧਾ ਦਾ ਕੇਂਦਰ
ਤਪ ਅਸਥਾਨ ਬਾਬਾ ਅਮਰਨਾਥ ਜੀ ਪਿੰਡ ਬਿੰਦਰਖ ਸੰਗਤਾਂ ਲਈ ਸ਼ਰਧਾ ਦਾ ਕੇਂਂਦਰ
Publish Date: Sun, 11 Jan 2026 05:45 PM (IST)
Updated Date: Mon, 12 Jan 2026 04:09 AM (IST)

ਸ਼ਰਧਾ ਦੇ ਧਾਮ: ਬਾਬਾ ਜੀ ਦੇ ਸਥਾਨ ‘ਤੇ ਸਾਲਾਨਾ ਲੋਹੜੀ ਤੇ ਮਾਘੀ ਜੋੜ ਮੇਲਾ 12,13,14 ਜਨਵਰੀ ਨੂੰ ਭਰਦਾ ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ : ਸ਼ਿਵਾਲਿਕ ਦੀਆਂ ਪਹਾੜੀਆ ਦੀ ਗੋਦ ਵਿਚ ਵਸਿਆ ਘਾੜ ਇਲਾਕੇ ਦੇ ਮਸ਼ਹੂਰ ਪਿੰਡ ਬਿੰਦਰਖ ਜਿੱਥੇ ਕਦੇ ਬਿਦਰਾ ਵਣ ਵਰਗਾ ਜੰਗਲ ਹੁੰਦਾ ਸੀ, ਅੱਜ ਇਸ ਪਿੰਡ ਦਾ ਧਾਰਮਿਕ ਤੇ ਸਭਿਆਚਾਰ ਦੇ ਖੇਤਰ ਵਿਚ ਵੱਡਾ ਨਾਮ ਹੈ। ਪਿੰਡ ਬਿੰਦਰਖ ਵਿਖੇ ਬਾਬਾ ਅਮਰਨਾਥ ਜੀ ਦੀ ਯਾਦ ਵਿਚ ਪਵਿੱਤਰ ਸਥਾਨ ਤੇ ਅਲੀਸ਼ਾਨ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹਨ, ਜਿੱਥੇ ਇਲਾਕੇ ਦੀ ਹੀ ਨਹੀ ਸਗੋਂ ਦੂਰ ਦੁਰਾਂਡੇ ਦੀਆਂ ਸੰਗਤਾਂ ਆ ਕੇ ਨਤਮਸਕ ਹੁੰਦੀਆ ਹਨ, ਸੰਗਤਾਂ ਦੀਆਂ ਮੂੰਹੋਂ ਮੰਗੀਆਂ ਮੁਰਾਂਦਾ ਪੂਰੀਆ ਹੁੰਦੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਦੇ ਬਾਹਰਲੇ ਪਾਸੇ ਇੱਕ ਛੱਪੜੀ ਸੀ ਜਿਸ ਦੇ ਕਿਨਾਰੇ ਅਰਨੇ ਬਰਨੇ ਦੇ ਤਿੰਨ ਦਰੱਖਤ ਸਨ ਜੋ ਅੱਜ ਵੀ ਮੌਜੂਦ ਹਨ ਜਿਸ ਦੇ ਥੱਲੇ ਇੱਕ ਝੋਪੜੀ ਵਿਚ ਅਮਰ ਨਾਥ ਨਾਮ ਦੇ ਭਗਤ ਰਹਿੰਦੇ ਸਨ ਜੋ ਹਰ ਸਮੇਂ ਅਕਾਲ ਪੁਰਖ ਦੀ ਭਗਤੀ ਕਰਦੇ ਸਨ, ਜਿਨ੍ਹਾਂ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਨਾਂ ਦੀ ਤਾਂਘ ਸੀ। ਇਕ ਵਾਰ ਗੁਰੂ ਸਾਹਿਬ ਭੰਗਾਣੀ ਦੇ ਯੁੱਧ ਤੋਂ ਵਾਪਿਸ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਸਮੇਂ ਖਿਜ਼ਰਾਬਾਦ ਨੂੰ ਹੁੰਦੇ ਹੋਏ ਇਸ ਧਰਤੀ ਤੇ ਆਏ ਉਸ ਸਮੇਂ ਬਾਬਾ ਜੀ ਸਮਾਧੀ ਵਿਚ ਲੀਨ ਸਨ । ਜਦੋਂ ਗੁਰੂ ਸਾਹਿਬ ਅੱਗੇ ਨੂੰ ਚਾਲੇ ਪਾਉਣ ਲੱਗੇ ਤਾਂ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਬਿੰਦ ਰੁੱਕ ਭਾਂਵ ਬਿੰਦ ਕੁ ਹੋਰ ਰੁਕੋਂ ਆਖ ਕੇ ਕੁੱਝ ਸਮਾਂ ਹੋਰ ਦਰਸ਼ਨ ਦੇਣ ਦੀ ਬੇਨਤੀ ਕੀਤੀ ਸੀ। ਬਾਬਾ ਜੀ ਦੀ ਬੇਨਤੀ ਤੇ ਗੁਰੂ ਸਾਹਿਬ ਕੁੱਝ ਸਮਾ ਇਸ ਧਰਤੀ ਤੇ ਰੁਕੇ ਅਤੇ ਭਾਗ ਲਾਏ। ਬਾਬਾ ਜੀ ਦੀ ਸੇਵਾ ਭਗਤੀ ਤੋਂ ਨਿਹਾਲ ਹੋ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਵਰ ਦੇ ਕੇ ਬਖਸ਼ਿਸ਼ ਕੀਤੀ ਸੀ,ਉਪਰੰਤ ਬਾਬਾ ਅਮਰਨਾਥ ਜੀ ਮੂੰਹੋ ਜੋ ਬੋਲ ਦਿੰਦੇ ਸੀ ਸੰਗਤਾਂ ਨੂੰ ਮਿਲਦਾ ਸੀ, ਇਸ ਤੋਂ ਬਾਅਦ ਹੀ ਪਿੰਡ ਦਾ ਨਾਂ ਬਿੰਦਰਖ ਪਿਆ। ਗੁਰਦੁਆਰਾ ਤਪ ਅਸਥਾਨ ਬਾਬਾ ਅਮਰਨਾਥ ਜੀ ਦੇ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ ਕਮੇਟੀ ਬਣਾਈ ਗਈ ਜਿਸ ਦੀ ਹਰੇਕ ਸਲਾਨਾ ਲੋਹੜੀ ਮੇਲੇ ਤੋਂ ਬਾਅਦ ਚੋਣ ਹੁੰਦੀ ਹੈ ਭਾਵ ਇੱਕ ਸਾਲ ਲਈ ਕਮੇਟੀ ਚੁਣੀ ਜਾਂਦੀ ਹੈ। ਪਿੰਡ ਬਿੰਦਰਖ ਵਿਚ 8 ਠੁਣਿਆ ਦੇ ਪਰਿਵਾਰ ਰਹਿੰਦੇ ਹਨ,ਹਰੇਕ ਠੁਣੇ ਦੀ ਵਾਰੀ ਸਾਲ ਬਾਅਦ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਲਈ ਆਉਦੀ ਹੈ,ਜਿਸ ਪਰਿਵਾਰ ਦੀ ਵਾਰੀ ਹੈ ਉਸ ਪਰਿਵਾਰ ਨੇ ਆਪਸ ਵਿਚ ਸਲਾਹ ਕਰਕੇ ਸਿੱਖੀ ਸਰੂਪ ਵਾਲੇ ਵਿਅਕਤੀ ਦਾ ਨਾਮ ਦੇਣਾ ਹੁੰਦਾ ਹੈ ਅਤੇ ਸਮੂਹ ਨਗਰ ਵਾਸੀ ਉਸ ਵਿਅਕਤੀ ਨੂੰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਹਨ ਤੇ ਬਾਕੀ ਮੈਂਬਰਾ ਦੀ ਚੋਣ ਵੀ ਕੀਤੀ ਜਾਂਦੀ ਹੈ। ਤਪ ਅਸਥਾਨ ਬਾਬਾ ਅਮਰਨਾਥ ਜੀ ਪਿੰਡ ਬਿੰਦਰਖ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੇ ਸਥਾਨ ‘ਤੇ ਸਲਾਨਾ ਲੋਹੜੀ ਅਤੇ ਮਾਘੀ ਜੋੜ ਮੇਲਾ 12,13,14 ਜਨਵਰੀ ਨੂੰ ਭਰਦਾ ਹੈ ਦੂਰ ਦੁਰਾਂਡੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਆ ਕੇ ਬਾਬਾ ਜੀ ਦੇ ਤਪ ਅਸਥਾਨ ‘ਤੇ ਨਤਮਸਤਕ ਹੁੰਦੀਆਂ ਹਨ। ਜੋੜ ਮੇਲੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਵੱਲੋਂ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਹਨ ਅਤੇ ਪ੍ਰਬੰਧਕ ਕਮੇਟੀ ਵੱਲੋਂ 14 ਜਨਵਰੀ ਨੂੰ ਸਜਾਈ ਜਾਂਦੀ ਧਾਰਮਿਕ ਸਟੇਜ਼ ਤੋਂ ਜਿੱਥੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਦੇ ਹਨ ਉੱਥੇ ਹੋਰ ਧਾਰਮਿਕ ਤੇ ਰਾਜਨੀਤਕ ਸਖ਼ਸ਼ੀਅਤਾਂ ਵੀ ਸੰਗਤਾਂ ਦੇ ਸਨਮੁੱਖ ਹੁੰਦੀਆਂ ਹਨ।