ਮਾਂ ਬੋਲੀ ਪੰਜਾਬੀ ਦੀ ਪ੍ਰਫੱਲਤਾ ਲਈ ਜਾਗਰੂਕ ਹੋਣ ਦੀ ਲੋੜ
ਮਾਂ ਬੋਲੀ ਪੰਜਾਬੀ ਨੂੰ ਪ੍ਰਫੂਲਿਤ ਕਰਨ ਲਈ ਜਾਗਰੂਕ ਹੋਣ ਦੀ ਲੋੜ
Publish Date: Sun, 04 Jan 2026 06:13 PM (IST)
Updated Date: Mon, 05 Jan 2026 04:08 AM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬੀ ਮਾਂ ਬੋਲੀ ਦੀ ਧਾਂਕ ਵੱਖਰੀ ਹੈ ਸਾਡੇ ਸਭਿਆਚਾਰ,ਰਹਿਣ ਸਹਿਣ ਤੇ ਪੰਜਾਬੀ ਬੋਲੀ ਦੀ ਆਪਣੀ ਵੱਖਰੀ ਪਹਿਚਾਣ ਹੈ ਪ੍ਰੰਤੂ ਅਸੀ ਅੰਗਰੇਜ਼ੀ ਨੂੰ ਹੀ ਸਭ ਕੁੱਝ ਮੰਨ ਕੇ ਕੁੱਝ ਸਮੇਂ ਤੋਂ ਅਸੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹੋ, ਜੋ ਪੰਜਾਬ ਤੇ ਪੰਜਾਬੀਅਤ ਲਈ ਖ਼ਤਰਾ ਹੈ, ਸਾਨੂੰ ਜਾਗਰੂਕ ਹੋਣ ਦੀ ਲੋੜ ਹੈ।ਇਸ ਵਿਸ਼ੇ ਤੇ ਵੱਖ ਵੱਖ ਵਰਗਾਂ ਦੇ ਸੂਝਵਾਨ ਲੋਕਾਂ ਨਾਲ ਕੀਤੀ ਵਿਚਾਰ ਚਰਚਾਂ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ਮਾਂ ਬੋਲੀ ਤੇ ਸੱਭਿਆਚਾਰ ਨੂੰ ਬਚਾਉਣਾ ਜ਼ਰੂਰੀ : ਬਿੱਟੂ ਅਧਿਆਪਕ ਆਗੂ ਕੁਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਮਾਂ ਬੋਲੀ ਦਿਵਸ ਮਨਾਉਦੇ ਹਨ ਜਿਸ ਦਾ ਉਦੇਸ਼ ਵਿਸ਼ਵ ਵਿੱਚ ਵੱਖ-ਵੱਖ ਸਭਿਆਚਾਰ ਅਤੇ ਭਾਸ਼ਾਈ ਵਿਭਿੰਨਤਾਵਾਂ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾਕਿ ਜਿੱਥੇ ਮਾਂ ਬੋਲੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਇੱਕ ਰੂਪ ਪ੍ਰਦਾਨ ਕਰਕੇ ਉੱਚੀ ਉਡਾਰੀ ਭਰਨ ਦੀ ਤਾਂਘ ਪੈਦਾ ਕਰਦੀ ਹੈ, ਉੱਥੇ ਦੂਸਰੀਆਂ ਭਾਸ਼ਾਵਾਂ ਪ੍ਰਤੀ ਸਤਿਕਾਰ, ਸਿੱਖਣ ਦਾ ਹੁਨਰ ਅਤੇ ਸਾਖ਼ਰ ਸਮਾਜ ਦੀ ਸਿਰਜਣਾ ਲਈ ਵੀ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾਕਿ ਮਾਂ ਬੋਲੀ, ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਮਾਂ ਬੋਲੀ ਤੇ ਸੱਭਿਆਚਾਰ ਸਾਡੀ ਪਹਿਚਾਣ : ਬਾਜਵਾ ਉੱਘੇ ਖੇਡ ਪ੍ਰਮੋਟਰ ਤੇ ਸਮਾਜਸੇਵੀ ਆਗੂ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਾਤ ਭਾਸ਼ਾ ਮਾਂ ਬੋਲੀ ਹੁੰਦੀ ਹੈ ਜਿਸ ਦਾ ਅਧਾਰ ਹੈ ਆਪਣੀ ਮਾਂ ਦੀ ਗੋਦੀ ਵਿਚ ਬੈਠ ਕੇ ਸਿੱਖੀ ਜਾਣ ਵਾਲੀ ਭਾਸ਼ਾ,ਜੋ ਕਿ ਸਾਨੂੰ ਲੋਰੀਆਂ ਵਿਚ ਮਿਲੀ ਹੋਵੇ, ਮਾਤ ਭਾਸ਼ਾ ਸਾਡੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਵਿਚ ਕਰ ਕੇ ਵੱਡਮੁੱਲੀ ਦਾਤ ਬਖਸ਼ੀ ਹੈ। ਸਾਨੂੰ ਲੋੜ ਹੈ ਵਿਰਸੇ ਵਿਚ ਮਿਲੀ ਮਾਤ ਭਾਸ਼ਾ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਸਾਧਨ : ਰਸੂਲਪੁਰੀ ਸਮਾਜਸੇਵੀ ਆਗੂ ਕੁਲਦੀਪ ਸਿੰਘ ਕੀਪਾ ਨੇ ਕਿਹਾ ਕਿ ਮਾਤ ਭਾਸ਼ਾ ਦਾ ਸਾਡੀ ਜਿੰਦਗੀ ਵਿਚ ਅਹਿਮ ਰੋਲ ਹੈ , ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ। ਭਾਸ਼ਾ ਕਿਸੇ ਕੌਮ ਦਾ ਵਿਰਸਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਇਲਾਕੇ ਦੀ ਆਮ ਜਨਤਾ ਜਿਹੜੀ ਭਾਸ਼ਾ ਬੋਲਦੀ ਹੈ, ਉਸ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਜਦੋਂ ਕਿਸੇ ਦੁੱਖ-ਸੁੱਖ ਵਿਚ ਆਪ ਮੁਹਾਰੇ ਹੀ ਮਾਤ ਭਾਸ਼ਾ ਦੇ ਸ਼ਬਦ ਉਚਰਿਤ ਹੋ ਜਾਂਦੇ ਹਨ, ਇਹੋ ਮਾਤ ਭਾਸ਼ਾ ਦੀ ਮਹਾਨਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਤ ਭਾਸ਼ਾ ਨੂੰ ਪ੍ਰਫੂਲਿਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਬਚਪਨ ਦੀ ਬੋਲੀ ਨਾਲ ਹੁੰਦੈ ਖਾਸ ਰਿਸ਼ਤਾ : ਮਾਹਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਜਿਹੜੀ ਬੋਲੀ ਨੂੰ ਆਪਣੇ ਬਚਪਨ ਤੋਂ ਸਿੱਖਦੇ ਹਨ , ਉਸ ਨਾਲ ਸਾਡਾ ਪੱਕਾ, ਗੂੜ੍ਹਾ ਤੇ ਲੰਮਾ ਸਬੰਧ ਬਣ ਚੁੱਕਾ ਹੁੰਦਾ ਹੈ। ਜਿਸ ਬੋਲੀ ਦਾ ਸਾਡੇ ਨਾਲ ਮੁੱਢ ਤੋਂ ਸਬੰਧ ਹੁੰਦਾ ਹੈ, ਉਸ ਬੋਲੀ ਦੇ ਸ਼ਬਦਾਂ ਤੇ ਮੁਹਾਵਰਿਆਂ ਦੇ ਅਸੀਂ ਵੱਧ ਤੋਂ ਵੱਧ ਭਾਵ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਬੋਲੀ ਤੇ ਹਮੇਸ਼ਾਂ ਮਾਣ ਕਰੋ। ਉਨ੍ਹਾਂ ਕਿਹਾ ਕਿ ਦੂਜੀ ਭਾਸ਼ਾ ਸਿੱਖੋਂ ਪਰ ਮਾਂ ਬੋਲੀ ‘ਤੇ ਅਸਰ ਨਾ ਪੈਣ ਦਿਓ, ਹਾਂ ਅੰਗਰੇਜ਼ੀ ਬਿਨਾਂ ਸਾਡਾ ਗੁਜਾਰਾ ਨਹੀ ਹੈ ਪਰ ਉਸ ਨੂੰ ਜਰੂਰਤ ਤੋਂ ਵੱਧ ਨਾ ਵਰਤੋਂ ਕਰੀਏਂ । ਕਿਸੇ ਵੀ ਇਨਸਾਨ ਪਹਿਚਾਣ ਮਾਤ ਭਾਸ਼ਾ ਹੀ ਹੁੰਦੀ : ਭੁਪਿੰਦਰ ਸਿੰਘ ਜੀਨੀਅਸ ਸਕੂਲ ਦੇ ਐੱਮਡੀ ਸੂਬਾ ਭੂਪਿੰਦਰ ਸਿੰਘ ਨੇ ਕਿਹਾ ਕਿ ਸਾਡੀ ਮਾਤ ਭਾਸ਼ਾ ਸਾਡੀ ਵਿਰਾਸਤ ਹੈ, ਕਿਹਾ ਜਾਂਦਾ ਹੈ ਕਿ ਕਿਸੇ ਦੇਸ਼ ਦੀ ਸੱਭਿਅਤਾ ਵੇਖਣੀ ਹੋਵੇ ਤਾਂ ਉਸ ਦੀ ਭਾਸ਼ਾ ਦੇਖੋ। ਉਨ੍ਹਾਂ ਕਿਹਾ ਕਿ ਜਿੱਥੇ ਭਾਸ਼ਾ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਨਹੀਂ ਮਿਲਿਆ ਉੱਥੋਂ ਦੀ ਸੱਭਿਅਤਾ ਵੀ ਵਿਕਸਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣੀ ਮਾਤ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਦੁਨੀਆਂ ਸਾਡੀ ਸੱਭਿਅਤਾ ਦੀ ਕਦਰ ਕਰ ਸਕੇ।