ਮੁਸਲਿਮ ਭਾਈਚਾਰੇ ਵੱਲੋਂ ਸੰਗਤ ਲਈ ਚਾਹ-ਪਕੌੜਿਆਂ ਦਾ ਲੰਗਰ
ਮੁਸਲਿਮ ਭਾਈਚਾਰੇ ਵੱਲੋਂ ਨਗਰ ਕੀਰਤਨ ਦੀ ਸੰਗਤ ਲਈ ਚਾਹ-ਪਕੌੜਿਆਂ ਦਾ ਲੰਗਰ
Publish Date: Sun, 04 Jan 2026 05:45 PM (IST)
Updated Date: Mon, 05 Jan 2026 04:08 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਨਜ਼ਦੀਕੀ ਪਿੰਡ ਬੱਲਮਗੜ੍ਹ ਮੰਦਵਾੜਾ ਦੇ ਗੁਰਦੁਆਰਾ ਸਾਹਿਬ ਵੱਲੋਂ ਇਲਾਕੇ ਵੱਖ ਵੱਖ ਕਲੱਬਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵਾਂ ਵਿਸ਼ਾਲ ਨਗਰ ਕੀਰਤਨ ਦਿਨ ਐਤਵਾਰ ਨੂੰ ਸਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ। ਇਸ ਦੌਰਾਨ ਵੱਖ ਵੱਖ ਰਾਗੀ ਜੱਥਿਆਂ ਵੱਲੋਂ ਕੀਰਤਨ ਕੀਤਾ ਜਾ ਰਿਹਾ ਸੀ। ਇਹ ਬੱਲਮਗੜ੍ਹ ਮੰਦਵਾੜਾ ਦੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਡੇਕਵਾਲਾ, ਬੁਰਜਵਾਲਾ, ਮੀਆਂਪੁਰ, ਬੜੀ ਗੰਧੋਂ, ਰੰਗੀਲਪੁਰ, ਗੁਰਦੁਆਰਾ ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੋਲਖੀਆਂ, ਸਿੰਘ, ਭਗਵੰਤਪੁਰ, ਸੰਤਪੁਰ ਚੁਪਕੀ, ਬ੍ਰਾਹਮਣਮਾਜਰਾ, ਚੈੜੀਆਂ, ਕਾਕਰੋਂ ਆਦਿ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪੂਰਨ ਹੋਇਆ। ਇਸ ਦੌਰਾਨ ਵੱਖ ਵੱਖ ਪਿੰਡਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਚ ਸ਼ਾਮਲ ਸੰਗਤ ਲਈ ਵੱਖ ਵੱਖ ਲੰਗਰ ਲਗਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਗਿਆਨੀ ਸ਼ਮਸ਼ੇਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਤ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਸੈਕਟਰੀ, ਪਰਮਜੀਤ ਸਿੰਘ, ਰਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਅਮਰੀਕ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਸ਼ਾਮਲ ਸੀ। ਇਸ ਨਗਰ ਕੀਰਤਨ ਦੌਰਾਨ ਇਲਾਕੇ ਦੇ ਮੁਸਲਿਮ ਭਾਈਚਾਰੇ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ ਵਿਸ਼ੇਸ਼ ਤੌਰ ’ਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਸਾਬਕਾ ਸਰਪੰਚ ਸ਼ਰੀਫ ਖਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸਾਰਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਇਸ ਮੌਕੇ ਲੰਗਰ ਦੌਰਾਨ ਪ੍ਰਧਾਨ ਸਰਵਰ ਖਾਨ ਮੈਂਬਰ ਬਲਾਕ ਸੰਮਤੀ ਮੈਂਬਰ, ਟੈਬਲ ਖਾਂ, ਅਬਦੁੱਲ ਗੱਫੂਰ, ਪੰਚ ਅਨਵਰ ਖਾਂ, ਹਾਫਿਜ਼, ਸਮੀਰ, ਅਹਿਮਦ ਅਸਲਮ ਖਾਨ, ਰਫੀ ਲੰਬੜ, ਸੁਲਤਾਨ ਖਾਂ, ਲਿਆਕਤ ਅਲੀ, ਤਾਜ ਮੁਹੰਮਦ, ਰੌਸ਼ਨ ਖਾਂ, ਜਮੀਲ ਖਾਂ ਤੇ ਇਲਾਕੇ ਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਸੇਵਾ ਨਿਭਾਈ ਗਈ।